ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਵੀਰਵਾਰ ਯਾਨੀ ਕਿ ਅੱਜ ਉੱਤਰ ਪ੍ਰਦੇਸ਼ ਪੁਲਸ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਟਰੈਕਟਰ ਪਲਟਣ ਨਾਲ ਮਾਰੇ ਗਏ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਐਕਸ-ਰੇਅ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ। ਜਸਟਿਸ ਯੋਗੇਸ਼ ਖੰਨਾ ਨੇ ਕਿਹਾ ਕਿ ਦੋਵੇਂ ਮੂਲ ਦਸਤਾਵੇਜ਼ 5 ਮਾਰਚ ਨੂੰ ਦੁਪਹਿਰ 2 ਵਜੇ ਦਿੱਲੀ ਪੁਲਸ ਦੇ ਅਧਿਕਾਰੀ ਦੇ ਹਵਾਲੇ ਕੀਤਾ ਜਾਵੇ ਅਤੇ ਜਾਂਚ ਅਧਿਕਾਰੀ ਸੁਰੱਖਿਅਤ ਥਾਂ ’ਤੇ ਇਸ ਨੂੰ ਸਾਂਭ ਕੇ ਰੱਖਣਗੇ।
ਇਹ ਵੀ ਪੜ੍ਹੋ: ਕਿਸਾਨ ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਈ ਸੀ: ਪੁਲਸ
ਦੱਸ ਦੇਈਏ ਕਿ ਹਾਈ ਕੋਰਟ ਨਵਰੀਤ ਦੇ ਦਾਦਾ ਹਰਦੀਪ ਸਿੰਘ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਨਵਰੀਤ ਦੇ ਮੱਥੇ ’ਤੇ ਗੋਲੀ ਲੱਗੀ ਸੀ। ਉਸ ਦਾ ਪੋਸਟਮਾਰਟਮ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹਾ ਹਸਪਤਾਲ ਵਿਚ ਹੋਇਆ ਸੀ। ਹਾਲਾਂਕਿ ਅਦਾਲਤ ਦੇ ਸਾਹਮਣੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਸ ਨੇ ਦਾਅਵਾ ਕੀਤਾ ਕਿ ਨਵਰੀਤ ਨੂੰ ਕੋਈ ਗੋਲੀ ਨਹੀਂ ਲੱਗੀ ਸੀ। ਪੁਲਸ ਦਾ ਦਾਅਵਾ ਹੈ ਕਿ ਆਈ. ਟੀ. ਓ. ਕੋਲ ਟਰੈਕਟਰ ਪਲਟਣ ਕਾਰਨ ਨਵਰੀਤ ਦੀ ਮੌਤ ਹੋਈ। ਦੱਸ ਦੇਈਏ ਕਿ ਨਵਰੀਤ ਸਿੰਘ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ ਦਿੱਲੀ ’ਚ ਕਿਸਾਨਾਂ ਵਲੋਂ ਕੱਢੀ ਗਈ ਟਰੈਕਟਰ ਪਰੇਡ ’ਚ ਸ਼ਾਮਲ ਹੋਇਆ ਸੀ।

ਦਰਅਸਲ ਦਿੱਲੀ ਸਰਕਾਰ ਦੇ ਸਥਾਈ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਪੁਲਸ ਨੂੰ ਐਕਸ-ਰੇਅ ਪਲੇਟ ਅਤੇ ਪੋਸਟਮਾਰਟਮ ਵੀਡੀਓ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਸੀ ਪਰ ਰਾਮਪੁਰ ਪੁਲਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਅਦਾਲਤ ਦੇ ਆਦੇਸ਼ ਦੇ ਬਿਨਾਂ ਇਹ ਦੇਣ ਤੋਂ ਇਨਕਾਰ ਕਰ ਦਿੱਤਾ। ਓਧਰ ਉੱਤਰ ਪ੍ਰਦੇਸ਼ ਪੁਲਸ ਅਤੇ ਹਸਪਤਾਲ ਦੇ ਸੀ. ਐੱਮ. ਓ. ਵਲੋਂ ਪੇਸ਼ ਵਕੀਲ ਗਰਿਮਾ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਕੋਲ ਐਕਸ-ਰੇਅ ਰਿਪੋਰਟ ਨਹੀਂ ਹੈ, ਪੋਸਟਮਾਰਟਮ ਰਿਪੋਰਟ ਹੈ, ਜਿਸ ਨੂੰ ਉਹ ਅਦਾਲਤ ਵਲੋਂ ਤੈਅ ਕੀਤੀ ਗਈ ਤਾਰੀਖ਼ ਨੂੰ ਦਿੱਲੀ ਪੁਲਸ ਨੂੰ ਸੌਂਪਣਗੇ।
ਇਹ ਵੀ ਪੜ੍ਹੋ: ਨਵਰੀਤ ਸਿੰਘ ਮੌਤ ਮਾਮਲਾ: ਹਾਈ ਕੋਰਟ ਨੇ ਦਿੱਲੀ ਪੁਲਸ ਨੂੰ ਭੇਜਿਆ ਨੋਟਿਸ

ਦੱਸਣਯੋਗ ਹੈ ਕਿ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਦੌਰਾਨ ਦਿੱਲੀ ਦੀਆਂ ਕੁਝ ਥਾਵਾਂ ’ਤੇ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪਾਂ ਹੋਈਆਂ ਸਨ। ਇਸ ਵਿਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋਏ ਅਤੇ ਇਕ ਕਿਸਾਨ ਪ੍ਰਦਰਸ਼ਨਕਾਰੀ ਨਵਰੀਤ ਦੀ ਮੌਤ ਹੋ ਗਈ ਸੀ। ਪੁਲਸ ਦੇ ਬੈਰੀਕੇਡ ਨੂੰ ਹਟਾਉਣ ਦੌਰਾਨ ਨਵਰੀਤ ਦਾ ਟਰੈਕਟਰ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਨਵਰੀਤ ਦੀ ਮੌਤ ਪੁਲਸ ਦੀ ਗੋਲੀ ਲੱਗਣ ਕਾਰਨ ਹੋਈ। ਅਜਿਹਾ ਦਾਅਵਾ ਨਵਰੀਤ ਦੇ ਦਾਦਾ ਵਲੋਂ ਕੀਤਾ ਜਾ ਰਿਹਾ ਹੈ। ਆਪਣੇ ਪੋਤੇ ਨੂੰ ਇਨਸਾਫ਼ ਦਿਵਾਉਣ ਲਈ ਦਾਦੇ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।
ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਾਸੀਆਂ ਨੂੰ ਮਿਲੇਗਾ EPFO ਦਾ ਲਾਭ
NEXT STORY