ਕੋਲਕਾਤਾ- ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਲਾਵਾਰਿਸ ਬੈਗ ਮਿਲਣ ਕਾਰਨ ਸਨਸਨੀ ਫੈਲ ਗਈ। ਇਹ ਬੈਗ ਪ੍ਰਦਰਸ਼ਨ ਲਈ ਬਣਾਏ ਗਏ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਮੰਚ ਨੇੜੇ ਮਿਲਿਆ। ਸੂਚਨਾ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚਿਆ। ਟੀ. ਵੀ. ਚੈਨਲ 'ਤੇ ਪ੍ਰਸਾਰਿਤ ਵੀਡੀਓ ਮੁਤਾਬਕ ਬੰਬ ਨਿਰੋਧਕ ਦਸਤਾ ਖੋਜੀ ਕੁੱਤਿਆਂ ਨਾਲ ਉਸ ਥਾਂ 'ਤੇ ਜਾਂਚ ਕਰ ਰਿਹਾ ਹੈ, ਜਿੱਥੇ ਜੂਨੀਅਰ ਡਾਕਟਰਾਂ ਨੇ 9 ਅਗਸਤ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਹੈ।
ਪੁਲਸ ਸੂਤਰਾਂ ਮੁਤਾਬਕ ਘਟਨਾ ਵਾਲੀ ਥਾਂ ਤੋ ਅਜੇ ਤੱਕ ਕਿਸੇ ਵੀ ਇਤਰਾਜ਼ਯੋਗ ਵਸਤੂ ਦਾ ਕੋਈ ਸਬੂਤ ਬਰਾਮਦ ਨਹੀਂ ਹੋਇਆ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਬੰਬ ਨਿਰੋਧਕ ਦਸਤਾ ਬੈਗ ਦੀ ਜਾਂਚ ਕਰ ਰਿਹਾ ਹੈ। ਬੈਗ ਖੋਲ੍ਹ ਕੇ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਪਾਣੀ ਦੀ ਬੋਤਲ ਅਤੇ ਕੁਝ ਕੱਪੜੇ ਮਿਲੇ। ਪੁਲਸ ਫਿਲਹਾਲ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੈਗ ਇੱਥੇ ਕਿਸ ਨੇ ਰੱਖਿਆ ਹੈ।
ਦੱਸ ਦੇਈਏ ਕਿ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਦੀ ਵਾਰਦਾਤ ਮਗਰੋਂ ਕੋਲਕਾਤਾ ਦਾ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। ਆਰ. ਜੀ. ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਖਿਲਾਫ਼ ਆਰਥਿਕ ਬੇਨਿਯਮੀਆਂ ਦੀ ਜਾਂਚ ਵੀ ਚੱਲ ਰਹੀ ਹੈ, ਜਿਸ 'ਚ ਈਡੀ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਹਸਪਤਾਲ ਦੇ ਸੈਮੀਨਾਰ ਹਾਲ ਤੋਂ 9 ਅਗਸਤ ਨੂੰ 31 ਸਾਲ ਦੀ ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਉਸ ਦੇ ਸਰੀਰ 'ਤੇ ਕੱਪੜੇ ਗਾਇਬ ਸਨ ਅਤੇ ਖ਼ੂਨ ਵਹਿ ਰਿਹਾ ਸੀ। ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਘਟਨਾ ਮਗਰੋਂ ਡਾਕਟਰਾਂ ਦੀ ਨਾਰਾਜ਼ਗੀ ਵਧ ਗਈ ਸੀ ਅਤੇ ਉਹ ਹੜਤਾਲ 'ਤੇ ਚਲੇ ਗਏ ਸਨ। ਮਾਮਲੇ ਵਿਚ ਪੁਲਸ ਨੇ ਦੋਸ਼ੀ ਸੰਜੇ ਰਾਏ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਾਡੀ ਆਵਾਜ਼ ਕੋਈ ਨਹੀਂ ਦਬਾ ਸਕਦਾ, ਸੱਚ ਸਾਡੇ ਨਾਲ ਹੈ: ਇੰਜੀਨੀਅਰ ਰਾਸ਼ਿਦ
NEXT STORY