ਬੁਲੰਦਸ਼ਹਿਰ- ਇਕ ਰਿਕਸ਼ਾ ਚਾਲਕ ਦੀ ਧੀ ਨੇ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ 'ਚ ਬੀ.ਐੱਸ.ਸੀ. ਗਣਿਤ 'ਚ ਗੋਲਡ ਮੈਡਲ ਹਾਸਲ ਕੀਤਾ ਹੈ। ਸ਼ਮਾ ਪਰਵੀਨ ਨੇ ਮੁਸ਼ਕਲ ਹਾਲਾਤ 'ਚ ਪੜ੍ਹਾਈ ਕੀਤੀ ਅਤੇ ਇਕ ਅੱਖ ਦੀ ਰੋਸ਼ਨੀ ਜਾਣ ਦੇ ਬਾਵਜੂਦ ਜ਼ਿਲ੍ਹਾ ਟੌਪਰ ਬਣਨ ਤੋਂ ਲੈ ਕੇ ਗੋਲਡ ਮੈਡਲ ਤੱਕ ਹਾਸਲ ਕੀਤਾ। ਸ਼ਮਾ ਨੂੰ ਰਾਜਪਾਲ ਵਲੋਂ ਗੋਲਡ ਮੈਡਲ ਕੇ ਸਨਮਾਨਤ ਕੀਤਾ ਗਿਆ। ਇਹ ਇਕ ਰਿਕਸ਼ਾ ਚਾਲਕ ਪਿਤਾ ਨੂੰ ਭਾਵੁਕ ਕਰਨ ਵਾਲਾ ਪਲ ਸੀ। ਬੁਲੰਦਸ਼ਹਿਰ ਦੇ ਗੁਲਾਵਟੀ ਦੀ ਰਹਿਣ ਵਾਲੀ ਸ਼ਮਾ ਪਰਵੀਨ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ ਬੀਐਸਸੀ ਗਣਿਤ 'ਚ ਵਾਈਸ ਚਾਂਸਲਰ ਦਾ ਗੋਲਡ ਮੈਡਲ ਹਾਸਲ ਕੀਤਾ ਹੈ। ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਗਣਿਤ ਦੀ ਵਿਦਿਆਰਥਣ ਇਸ ਤੋਂ ਪਹਿਲਾਂ ਜ਼ਿਲ੍ਹਾ ਟੌਪਰ ਰਹਿ ਚੁੱਕੇ ਹਨ। ਸ਼ਮਾ ਪਰਵੀਨ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਬੇਸ਼ੱਕ ਰਿਕਸ਼ਾ ਚਲਾਉਂਦੇ ਹਨ ਪਰ ਪਰਿਵਾਰ ਨੂੰ ਉਸ ਦੀ ਕਾਮਯਾਬੀ ਤੋਂ ਬਹੁਤ ਉਮੀਦਾਂ ਹਨ। ਸ਼ਮਾ ਦਾ ਕਹਿਣਾ ਹੈ ਕਿ ਉਹ ਆਪਣੇ ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੀ ਹੈ, ਇਸ ਲਈ ਉਸ ਉੱਪਰ ਬਹੁਤ ਜ਼ਿੰਮੇਵਾਰੀਆਂ ਹਨ।
ਸ਼ਮਾ ਨੇ ਦੱਸਿਆ ਕਿ ਉਹ ਇਕ ਅੱਖ ਤੋਂ ਨਹੀਂ ਦੇਖ ਸਕਦੀ। ਉਸ ਨੂੰ ਇਸ ਕਮੀ ਕਾਰਨ ਲੋਕਾਂ ਤੋਂ ਤਾਅਨੇ ਸੁਣਨੇ ਪੈਂਦੇ ਸਨ ਪਰ ਉਸ ਨੇ ਹਮੇਸ਼ਾ ਬਾਹਰੀ ਸੁੰਦਰਤਾ ਨੂੰ ਮਹੱਤਵ ਦੇਣ ਦੀ ਬਜਾਏ ਅੰਦਰੂਨੀ ਸੁੰਦਰਤਾ ਨਿਖਾਰਨ ਦੀ ਕੋਸ਼ਿਸ਼ ਕੀਤੀ। ਸ਼ਮਾ ਨੇ ਦੱਸਿਆ ਕਿ ਉਹ ਭਵਿੱਖ 'ਚ ਆਈ.ਏ.ਐੱਸ. ਬਣਨਾ ਚਾਹੁੰਦੀ ਹੈ। ਸ਼ਮਾ ਨੇ ਕਿਹਾ ਕਿ ਉਸ ਦੀ ਕਾਮਯਾਬੀ ਦੇ ਪਿੱਛੇ ਪਿਤਾ ਦੀ ਸਭ ਤੋਂ ਅਹਿਮ ਭੂਮਿਕਾ ਹੈ ਅਤੇ ਉਹੀ ਉਸ ਦੇ ਹੀਰੋ ਹਨ। ਸ਼ਮਾ ਪਰਵੀਨ ਦੇ ਪਿਤਾ ਯੁਨੂਨ ਖਾਨ ਦਾ ਕਹਿਣਾ ਹੈ ਕਿ ਉਹ ਰਿਕਸ਼ਾ ਚਲਾ ਕੇ ਇਮਾਨਦਾਰੀ ਨਾਲ ਰੋਟੀ ਕਮਾਉਂਦਾ ਹੈ। ਇਮਾਨਦਾਰੀ ਦੀ ਕਮਾਈ ਨਾਲ ਉਹ ਆਪਣੀ ਧੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਯੁਨੂਨ ਖਾਨ ਦੱਸਦੇ ਹਨ ਕਿ ਧੀ ਦੀ ਪੜ੍ਹਾਈ ਲਈ ਉਨ੍ਹਾਂ ਨੂੰ ਚੀਜ਼ਾ ਗਿਰਵੀ ਰੱਖਣੀਆਂ ਪਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ। ਯੁਨੂਨ ਖਾਨ ਦਾ ਕਹਿਣਾ ਹੈ ਕਿ ਸ਼ਮਾ ਸਿਰਫ਼ ਇਕ ਸਾਲ ਦੀ ਸੀ, ਉਦੋਂ ਉਸ ਦੀ ਇਕ ਅੱਖ ਦੀ ਰੋਸ਼ਨੀ ਚੱਲੀ ਗਈ ਸੀ। ਇਸ ਦੇ ਬਾਵਜੂਦ ਉਸ ਨੇ ਆਪਣੀ ਧੀ ਦੇ ਸੁਫ਼ਨਿਆਂ ਨੂੰ ਉਡਾਣ ਦਿੱਤੀ ਅਤੇ ਇਸੇ ਉਡਾਣ ਨਾਲ ਧੀ ਅੱਜ ਆਸਮਾਨ ਛੂਹ ਰਹੀ ਹੈ।
ਨਵੇਂ ਚਾਣਕਿਆ ਲਈ ਰਾਸ਼ਟਰੀ ਭੂਮਿਕਾ!
NEXT STORY