ਨੈਸ਼ਨਲ ਡੈਸਕ - ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਨੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਕੋਲਕਾਤਾ ਪੁਲਸ ਦੇ ਐਸ.ਐਚ.ਓ. ਅਭਿਜੀਤ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਡਾਕਟਰ ਸੰਦੀਪ ਘੋਸ਼ ਨੂੰ ਵਿੱਤੀ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਸੀ.ਬੀ.ਆਈ. ਨੇ ਕੋਲਕਾਤਾ ਬਲਾਤਕਾਰ ਅਤੇ ਕਤਲ ਕੇਸ ਵਿੱਚ ਐਫ.ਆਈ.ਆਰ. ਦਰਜ ਕਰਨ ਵਿੱਚ ਦੇਰੀ ਅਤੇ ਸਬੂਤ ਗਾਇਬ ਕਰਨ ਲਈ ਡਾਕਟਰ ਸੰਦੀਪ ਘੋਸ਼ ਨੂੰ ਗ੍ਰਿਫਤਾਰ ਕੀਤਾ ਹੈ। ਘੋਸ਼ ਦੇ ਨਾਲ ਹੀ ਸੀ.ਬੀ.ਆਈ. ਨੇ ਐਸ.ਐਚ.ਓ. ਅਭਿਜੀਤ ਮੰਡਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅਭਿਜੀਤ ਮੰਡਲ ਤਾਲਾ ਪੁਲਸ ਸਟੇਸ਼ਨ ਵਿੱਚ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.) ਵਜੋਂ ਤਾਇਨਾਤ ਹੈ।
ਸੂਤਰਾਂ ਮੁਤਾਬਕ ਸੰਦੀਪ ਘੋਸ਼ ਅਤੇ ਅਭਿਜੀਤ ਮੰਡਲ ਨੂੰ ਸਬੂਤਾਂ ਨੂੰ ਨਸ਼ਟ ਕਰਨ ਅਤੇ ਜਾਂਚ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੰਦੀਪ ਘੋਸ਼ ਨੂੰ ਇਸ ਤੋਂ ਪਹਿਲਾਂ ਆਰਜੀ ਕਰ ਕਾਲਜ ਅਤੇ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਇੱਕ ਵੱਖਰੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ।
ਸੀ.ਬੀ.ਆਈ. ਨੇ ਸੰਦੀਪ ਘੋਸ਼ ਦਾ ਪੋਲੀਗ੍ਰਾਫ਼ ਟੈਸਟ ਵੀ ਕਰਵਾਇਆ ਸੀ। ਕਲਕੱਤਾ ਹਾਈ ਕੋਰਟ ਨੇ ਪਿਛਲੇ ਮਹੀਨੇ ਸੀ.ਬੀ.ਆਈ. ਨੂੰ ਆਰਜੀ ਕਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੀ ਜਾਂਚ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਰਿਪੋਰਟ 17 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ 'ਚ 9 ਅਗਸਤ ਨੂੰ 31 ਸਾਲਾ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਪੋਸਟ ਮਾਰਟਮ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕਤਲ ਤੋਂ ਪਹਿਲਾਂ ਪੀੜਤਾ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ ਦੇ ਇਕ ਦਿਨ ਬਾਅਦ ਕੋਲਕਾਤਾ ਪੁਲਸ ਨੇ ਦੋਸ਼ੀ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ।
ਇਸ ਘਟਨਾ ਤੋਂ ਬਾਅਦ ਹਜ਼ਾਰਾਂ ਡਾਕਟਰ ਅਤੇ ਨਰਸਿੰਗ ਸਟਾਫ ਪੀੜਤਾ ਲਈ ਇਨਸਾਫ਼ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਆਪਣਾ ਧਰਨਾ ਜਾਰੀ ਰੱਖ ਰਿਹਾ ਹੈ। ਇਸੇ ਸਿਲਸਿਲੇ ਵਿੱਚ ਸ਼ਨੀਵਾਰ ਨੂੰ ਦਿਨ ਵੇਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਡੈੱਡਲਾਕ ਸੁਲਝਾਉਣ ਲਈ ਗੱਲਬਾਤ ਵਿੱਚ ਹਿੱਸਾ ਲੈਣ ਲਈ ਕਿਹਾ।
ਵੀਡੀਓ ਸਟ੍ਰੀਮਿੰਗ ਦੀ ਸ਼ਰਤ 'ਤੇ ਫਿਰ ਟਲ ਗਈ ਮੀਟਿੰਗ, ਟ੍ਰੇਨੀ ਡਾਕਟਰਾਂ ਨੂੰ ਹੱਥ ਜੋੜ ਕੇ ਮਨਾਉਂਦੀ ਦਿਸੀ CM
NEXT STORY