ਨਵੀਂ ਦਿੱਲੀ (ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰੈੱਸ ਨੂੰ ਜਾਰੀ ਬਿਆਨ ’ਚ ਸੰਗਤ ਦੇ ਫ਼ੈਸਲੇ ਦਾ ਸਨਮਾਨ ਨਾ ਕਰਨ ਤੇ ਦਿੱਲੀ ਗੁਰਦੁਆਰਾ ਕਮੇਟੀ ਵਰਗੇ ਸਨਮਾਨਿਤ ਸੰਸਥਾਨ ਨੂੰ ਬਦਨਾਮ ਕਰਨ ਲਈ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ. ਕੇ. ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਚੋਣ ਦਿੱਲੀ ਗੁਰਦੁਆਰਾ ਡਾਇਰੈਕਟਰ ਦੇ ਅਧਿਕਾਰੀ ਦੀ ਮੌਜੂਦਗੀ ’ਚ ਨਿਰਪੱਖ ਤੇ ਕਾਨੂੰਨ ਦੇ ਮੁਤਾਬਕ ਆਯੋਜਿਤ ਕੀਤੀ ਗਈ ਸੀ , ਇਸ ਲਈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਸਰਨਾ ਤੇ ਜੀ. ਕੇ. ਸਿਰਫ਼ ਰਾਜਨੀਤਕ ਲਾਹਾ ਲੈਣ ਤੇ ਆਪਣੇ ਨਿੱਜੀ ਸੁਆਰਥਾਂ ਲਈ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਕਾਲਕਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਨਾ ਤੇ ਜੀ. ਕੇ. ਆਪਣੇ ਪੱਖ ’ਚ ਵੋਟ ਭੁਗਤਾਉਣ ਲਈ ਮੈਂਬਰਾਂ ਦੀ ਖਰੀਦੋ-ਫ਼ਰੋਖਤ ’ਚ ਸ਼ਾਮਲ ਸਨ ਪਰ ਉਨ੍ਹਾਂ ਦਾ ਇਹ ਮਕਸਦ ਸਾਡੇ ਮੈਂਬਰਾਂ ਦੀ ਸਜਗਤਾ ਦੇ ਚਲਦੇ ਸੰਭਵ ਨਹੀਂ ਹੋ ਸਕਿਆ। ਆਪਣੀ ਹਾਰ ਨੂੰ ਦੇਖ ਕੇ ਸਰਨਾ ਭਰਾਵਾਂ ਨੇ ਬੈਲਟ ਬਾਕਸ ’ਤੇ ਕਬਜ਼ਾ ਕਰ ਲਿਆ ਤੇ ਹੋਰ ਮੈਂਬਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਅਤੇ 11 ਘੰਟੇ ਤੋਂ ਵੱਧ ਸਮੇਂ ਤਕ ਵੋਟਿੰਗ ਦੀ ਪ੍ਰਕਿਰਿਆ ਨੂੰ ਰੋਕ ਕੇ ਰੱਖਿਆ। ਕਾਲਕਾ ਨੇ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨਗੀ ਲਈ 51 ਵਿਚੋਂ ਨਵੇਂ ਚੁਣੇ ਮੈਂਬਰਾਂ ਦੀਆਂ ਘੱਟ ਤੋਂ ਘੱਟ 26 ਵੋਟਾਂ ਦੀ ਲੋੜ ਹੁੰਦੀ ਹੈ। ਅਕਾਲ ਪੁਰਖ ਦੀ ਕਿਰਪਾ ਸਦਕਾ ਤੇ ਸੰਗਤ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ 30 ਵੋਟਾਂ ਮਿਲੀਆਂ ਤੇ ਅਧਿਕਾਰਤ ਤੌਰ ’ਤੇ ਡੀ. ਐੱਸ. ਜੀ. ਐੱਮ. ਦਾ ਪ੍ਰਧਾਨ ਚੁਣਿਆ ਗਿਆ, ਇਸ ਲਈ ਸਰਨਾ-ਜੀ.ਕੇ. ਨੂੰ ਆਪਣੀ ਹਾਰ ਸਵੀਕਾਰ ਕਰ ਦਿੱਲੀ ਦੀ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੰਗਤ ਨੂੰ ਸਭ ਕੁਝ ਪਤਾ ਹੈ, ਇਸ ਲਈ ਦਿਖਾਵਾ ਕਰਨ ਨਾਲ ਸਰਨਾ-ਜੀ.ਕੇ. ਨੂੰ ਕੋਈ ਮਦਦ ਨਹੀਂ ਹੋਵੇਗੀ। ਚੋਣ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੇ ਬਹਾਨੇ ਉਹ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ ਉਹ ਅਸਲੀ ਅਪਰਾਧੀ ਹਨ ਅਤੇ ਅਰਾਜਕਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਇਸ ਲਈ ਉਨ੍ਹਾਂ ਨੂੰ ਜਥੇਦਾਰ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਤਲਬ ਕਰ ਸਿੱਖ ਪੰਥ ਤੋਂ ਛੇਕ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਰਨਾ ਤੇ ਜੀ. ਕੇ. ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ’ਤੇ ਕੋਈ ਪਛਤਾਵਾ ਨਹੀਂ ਹੈ। ਉਹ ਸੁਆਰਥੀ ਹਨ ਤੇ ਰਾਜਨੀਤਕ ਸੁਆਰਥਾਂ ਨਾਲ ਭਰੇ ਹੋਏ ਹਨ, ਇਸ ਲਈ ਅਜਿਹੇ ਲੋਕਾਂ ਨੂੰ ਗੁਰੂਘਰਾਂ ਦੀ ਮਰਿਆਦਾ ਬਾਰੇ ਕੋਈ ਪਰਵਾਹ ਨਹੀਂ ਹੁੰਦੀ।
ਰੇਡੀਓ ਲੋਕਾਂ ਨਾਲ ਜੁੜਨ ਦਾ ਬਿਹਤਰੀਨ ਜ਼ਰੀਆ ਹੈ: PM ਮੋਦੀ
NEXT STORY