ਨਵੀਂ ਦਿੱਲੀ- ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ’ਚ ਕਿਸੇ ਰਿਜ਼ਾਰਟ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਤਿਹਾੜ ਜੇਲ੍ਹ ’ਚ ਬੰਦ ਜੈਨ ਦੇ ਕੁਝ ਨਵੇਂ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਏ, ਜਿਨ੍ਹਾਂ ’ਚ ਉਨ੍ਹਾਂ ਨੂੰ ਆਪਣੇ ਸੈੱਲ ’ਚ ਫ਼ਲ ਅਤੇ ਕੱਚੀ ਸਬਜ਼ੀਆਂ ਖਾਂਦੇ ਹੋਏ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਦੇ ਸਾਹਮਣੇ ਆਉਣ ਦੇ ਕੁਝ ਘੰਟਿਆਂ ਬਾਅਦ ਲੇਖੀ ਨੇ ਇਹ ਬਿਆਨ ਦਿੱਤਾ। ਲੇਖੀ ਨੇ ਇਕ ਪੱਤਰਕਾਰ ਸੰਮੇਲਨ ’ਚ ਜੈਨ ਦੇ ਉਸ ਵੀਡੀਓ ਦਾ ਵੀ ਜ਼ਿਕਰ ਕੀਤਾ, ਜਿਸ ’ਚ ਉਹ ਰੇਪ ਦੇ ਇਕ ਦੋਸ਼ੀ ਤੋਂ ਮਾਲਸ਼ ਕਰਾਉਂਦੇ ਨਜ਼ਰ ਆ ਰਹੇ ਹਨ। ਲੇਖੀ ਨੇ ਕਿਹਾ ਕਿ ਲੋਕ ਰੇਪ ਦੇ ਇਕ ਦੋਸ਼ੀ ਤੋਂ ਜੈਨ ਦੇ ਮਾਲਸ਼ ਕਰਾਉਣ ਵਰਗੀ ‘ਆਪ’ ਨੇਤਾਵਾਂ ਦੀ ਸ਼ਰਮਨਾਕ ਹਰਕਤਾਂ ਨੂੰ ਵੇਖ ਰਹੇ ਹਨ। ‘ਆਪ’ ਨੇਤਾ ਕਹਿੰਦੇ ਕੁਝ ਹੋਰ ਹਨ ਅਤੇ ਕਰਦੇ ਉਸ ਦੀ ਉਲਟ ਹਨ।
ਲੇਖੀ ਨੇ ਅੱਗੇ ਕਿਹਾ ਕਿ ਜੇਲ੍ਹ ’ਚ ਭੋਜਨ ਅਤੇ ਮੈਡੀਕਲ ਸਹੂਲਤਾਂ ਦੇਣਾ ਜੇਲ੍ਹ ਦੇ ਨਿਯਮਾਂ ਮੁਤਾਬਕ ਹੈ। ਜੇਲ੍ਹ ਦੀ ਕੋਠੜੀ ਵਿਚ ਟੈਲੀਵਿਜ਼ਨ, ਪੈਕਟ ਬੰਦ ਭੋਜਨ ਅਤੇ ਮਾਲਸ਼ ਵਰਗੀਆਂ ਵਾਧੂ ਸਹੂਲਤਾਂ ਵੇਖ ਕੇ ਲੱਗਦਾ ਹੈ ਕਿ ਜੈਨ ਛੁੱਟੀਆਂ ਮਨਾਉਣ ਕਿਸੇ ਰਿਜ਼ਾਰਟ ’ਚ ਆਏ ਹਨ। ਲੇਖੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ’ਤੇ ਦਿੱਲੀ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ।
ਦੱਸ ਦੇਈਏ ਕਿ ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਸਰਕਾਰ ਦੇ ਮੰਤਰੀ ਜੈਨ ਦੀ ਪਟੀਸ਼ਨ ’ਤੇ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਤੋਂ ਮੰਗਲਵਾਰ ਨੂੰ ਜਵਾਬ ਤਲਬ ਕੀਤਾ ਸੀ। ਈਡੀ ਨੇ ਜੈਨ ਨੂੰ ਮਈ ’ਚ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ।
ਹਿਮਾਚਲ 'ਚ ਡਰੱਗ ਵਿਭਾਗ ਦੀ ਵੱਡੀ ਕਾਰਵਾਈ, ਵਾਹਨ ਅਤੇ ਗੋਦਾਮ ਤੋਂ ਫੜਿਆ ਨਕਲੀ ਦਵਾਈਆਂ ਦਾ ਜ਼ਖੀਰਾ
NEXT STORY