ਨਵੀਂ ਦਿੱਲੀ— ਲੰਗਰ ਦੀ ਰਸਦ 'ਚ ਸੰਗਤਾਂ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਦਿੱਤੇ ਗਏ ਆਟੇ ਦੇ ਖੁੱਲ੍ਹੇ ਬਜ਼ਾਰ ਵਿਚ ਵਿਕਣ ਦਾ ਮਾਮਲਾ ਸਾਹਮਣੇ ਆਇਆ। ਇਸ ਖੁਲਾਸੇ 'ਤੇ 'ਜਾਗੋ' ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਕਮੇਟੀ ਪ੍ਰਬੰਧਕਾਂ ਖ਼ਿਲਾਫ਼ ਥਾਣਾ ਸੰਸਦ ਮਾਰਗ 'ਚ ਸੋਮਵਾਰ ਨੂੰ ਸ਼ਿਕਾਇਤ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਮੇਟੀ ਨੇ ਆਟਾ ਨਹੀਂ ਸਗੋਂ ਕਿ ਸੰਗਤ ਦੀ ਸ਼ਰਧਾ ਨੂੰ ਵੇਚਿਆ ਹੈ। ਜੀ.ਕੇ. ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਫਾਲਤੂ ਆਟਾ ਸੀ ਤਾਂ ਗਰੀਬ ਸਿੱਖਾਂ, ਗ੍ਰੰਥੀਆਂ ਜਾਂ ਪਾਠੀ ਸਿੰਘਾਂ ਨੂੰ ਮਦਦ ਦੇ ਤੌਰ 'ਤੇ ਆਟਾ ਦੇਣ ਦੀ ਬਜਾਏ ਖੁੱਲ੍ਹੇ ਬਜ਼ਾਰ 'ਚ ਆਟਾ ਵੇਚਣਾ ਗਲਤ ਹੈ। ਦਰਅਸਲ ਕੱਲ ਇਕ ਨਿੱਜੀ ਚੈਨਨ ਨੇ ਖੁਲਾਸਾ ਕੀਤਾ ਸੀ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਟਾ ਭਰ ਕੇ ਇਕ ਟੱਰਕ, ਜਿਸ 'ਤੇ ਲੰਗਰ ਸੇਵਾ ਗੁਰਦੁਆਰਾ ਸਾਹਿਬ ਲਿਖਿਆ ਸੀ 'ਚ ਕਈ ਟਨ ਆਟਾ ਲੋਡ ਸੀ। ਇਸ ਟਰੱਕ ਦਾ ਦੋ ਸਿੱਖ ਨੌਜਵਾਨਾਂ ਨੇ ਪਿੱਛਾ ਕੀਤਾ ਅਤੇ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ 'ਚ ਟਰੱਕ ਇਕ ਸਟੋਰ ਤੱਕ ਪੁੱਜਦਾ ਹੈ। ਜਾਣਕਾਰੀ ਮੁਤਾਬਕ 8 ਰੁਪਏ ਕਿਲੋ ਆਟਾ ਕਮੇਟੀ ਨੇ ਵੇਚਿਆ ਸੀ।
ਇਸ ਮਾਮਲੇ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਜੀ. ਕੇ. ਨੇ ਇਸ ਨੂੰ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਦੱਸਿਆ। ਇਸ ਮੌਕੇ ਜੀ. ਕੇ. ਨਾਲ ਆਟਾ ਵਿਕਰੀ ਦਾ ਸਟਿੰਗ ਕਰਨ ਵਾਲੇ ਦੋਵੇਂ ਸਿੱਖ ਨੌਜਵਾਨ ਦਲਜੀਤ ਸਿੰਘ ਅਤੇ ਹਰਨਾਮ ਸਿੰਘ ਮੌਜੂਦ ਸਨ। ਜੀ. ਕੇ. ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਆਟਾ ਵੇਚਣ ਦੀ ਗੱਲ ਸਵੀਕਾਰ ਕਰਨ ਦੇ ਬਾਵਜੂਦ ਖਰਾਬ ਆਟਾ ਵੇਚਣ ਲਈ ਕੀਤੇ ਗਏ ਦਾਅਵੇ ਨੂੰ ਝੂਠ ਦਾ ਪੁਲੰਦਾ ਦੱਸਿਆ। ਜੀ. ਕੇ. ਨੇ ਕਾਲਕਾ ਲਈ ਸਵਾਲਾਂ ਦੀ ਝੜੀ ਲਾਉਂਦੇ ਹੋਏ ਦਾਅਵਾ ਕੀਤਾ ਕਿ ਆਟੇ 'ਚ ਸੁੰਡੀ ਪੈਣ ਦਾ ਦਾਅਵਾ ਵਿਸ਼ਵਾਸ ਯੋਗ ਨਾ ਹੋ ਕੇ ਕਮੇਟੀ ਵਲੋਂ ਆਪਣੀ ਚੋਰੀ ਫੜੇ ਜਾਣ 'ਤੇ ਨਕਲੀ ਦਸਤਾਵੇਜ਼ ਬਣਾਉਣ ਦਾ ਮਾਮਲਾ ਜ਼ਿਆਦਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖੁਲਾਸਾ ਪੁਲਸ ਵਲੋਂ ਕਾਗਜ਼ਾਂ ਦੀ ਕੀਤੀ ਜਾਣ ਵਾਲੀ ਫੋਰੈਂਸਿਕ ਜਾਂਚ 'ਚ ਸਾਬਤ ਹੋ ਜਾਵੇਗਾ। ਇਕ ਪਾਸੇ ਕਮੇਟੀ ਨੇ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਇਲਾਕੇ ਵਿਚ ਵੰਡਣ ਲਈ ਰਾਸ਼ਨ ਨਹੀਂ ਦਿੱਤਾ। ਸਿਰਫ ਬਾਦਲ ਦਲ ਨਾਲ ਸੰਬੰਧਤ ਮੈਂਬਰਾਂ ਨੂੰ ਰਾਸ਼ਨ ਦੇ ਕੇ ਰਸਦ ਦਾ ਸਿਆਸੀਕਰਨ ਕਰਨ ਨਾਲ ਮੈਂਬਰਾਂ ਦਾ ਫੰਡ ਵੀ ਬੰਦ ਕਰ ਦਿੱਤਾ ਗਿਆ। ਲੋੜਵੰਦ ਸਿੱਖਾਂ ਤੱਕ ਰਸਦ ਅਤੇ ਆਰਥਿਕ ਮਦਦ ਨਹੀਂ ਪੁੱਜੀ, ਆਟਾ ਖਰਾਬ ਹੋ ਗਿਆ। ਇਸ ਤੋਂ ਵਧੇਰੇ ਨਲਾਇਕੀ ਪ੍ਰਬੰਧ ਕੀ ਹੋਵੇਗਾ?
ਜੀ.ਕੇ. ਨੇ ਸਵਾਲ ਪੁੱਛਿਆ ਕਿ ਕਾਲਕਾ ਕੋਲ ਅਜਿਹਾ ਕਿਹੜਾ ਤੰਤਰ ਹੈ, ਜਿਸ ਨਾਲ 50 ਕਿਲੋ ਦੇ ਆਟੇ ਦੇ ਬੰਦ ਬੋਰੇ 'ਚ ਸੁੰਡੀ ਹੋਣ ਦਾ ਪਤਾ ਲੱਗ ਜਾਂਦੀ ਹੈ? ਜੇਕਰ ਆਟਾ ਖਰਾਬ ਸੀ ਤਾਂ ਕਰਿਆਨਾ ਸਟੋਰ ਨੇ ਕਿਉਂ ਖਰੀਦਿਆ? ਜੇਕਰ ਆਟੇ ਨੂੰ ਕਬਾੜੀ ਚੋਕਰ ਖਰੀਦਣ ਵਾਲੇ ਨੇ ਖਰੀਦਿਆ ਸੀ ਤਾਂ ਉਹ ਖੁਦ ਆਪਣੀ ਗੱਡੀ ਤੋਂ ਚੁੱਕ ਕੇ ਕਿਉਂ ਨਹੀਂ ਲੈ ਗਿਆ? ਕਮੇਟੀ ਵਲੋਂ ਕਿਰਾਏ 'ਤੇ ਲਈ ਗਈ ਗੱਡੀ ਆਟੇ ਦੀ ਹੋਮ ਡਿਲਿਵਰੀ ਕਰਨ ਕਿਉਂ ਗਈ? ਜਦੋਂ ਮੁੰਡਿਆਂ ਨੇ ਉਸਮਾਨਪੁਰ 'ਚ ਡਰਾਈਵਰ ਤੋਂ ਆਟੇ ਬਾਰੇ ਪੁੱਛਿਆ ਤਾਂ ਉਸ ਨੇ ਆਟਾ ਜੀ.ਟੀ. ਕਰਨਾਲ ਰੋਡ ਤੋਂ ਲਿਆਉਣ ਦਾ ਝੂਠ ਕਿਉਂ ਬੋਲਿਆ, ਜਦੋਂ ਕਿ ਮੁੰਡੇ ਉਸ ਦਾ ਪਿੱਛਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਰ ਰਹੇ ਸਨ? ਆਟਾ ਲੈ ਕੇ ਗੱਡੀ ਨਾਲ ਗਿਆ ਵਪਾਰੀ ਕਿਸ ਰਾਜੂ ਭਾਜੀ ਨਾਲ ਮੁੰਡਿਆਂ ਦੀ ਗੱਲ ਕਰਵਾ ਰਿਹਾ ਸੀ? ਰਾਜੂ ਭਾਜੀ ਨੇ ਮੁੰਡਿਆਂ ਨਾਲ ਗੱਲ ਕਰਨ ਦੀ ਬਜਾਏ ਫੋਨ ਕਿਉਂ ਕੱਟਿਆ ਸੀ? ਜਦੋਂ ਕਮੇਟੀ ਦੇ ਦਾਅਵੇ ਅਨੁਸਾਰ ਤਾਲਾਬੰਦੀ 'ਚ 1.65 ਲੱਖ ਲੋਕਾਂ ਦਾ ਰੋਜ਼ਾਨਾ ਲੰਗਰ ਪੱਕ ਰਿਹਾ ਸੀ ਤਾਂ ਰਸਦ ਵੀ ਵੰਡੀ ਗਈ ਸੀ ਤਾਂ ਆਟਾ ਇਸਤੇਮਾਲ ਕਿਉਂ ਨਹੀਂ ਹੋਇਆ? ਜੇਕਰ ਪੁਰਾਣਾ ਆਟਾ ਇਸਤੇਮਾਲ ਹੀ ਨਹੀਂ ਹੋ ਪਾ ਰਿਹਾ ਸੀ ਤਾਂ ਕਮੇਟੀ ਸੰਗਤ ਤੋਂ ਰੋਜ਼ਾਨਾ ਰਸਦ ਅਤੇ ਪੈਸੇ ਕਿਉਂ ਮੰਗ ਰਹੀ ਹੈ? 'ਲੰਗਰ ਆਨ ਵ੍ਹੀਲ' ਦੀ ਗੱਡੀ ਨੂੰ ਪੱਕੇ ਹੋਏ ਲੰਗਰ ਦੀ ਡਿਲਿਵਰੀ ਲਈ ਲਗਾਇਆ ਗਿਆ ਸੀ ਜਾਂ ਆਟਾ ਸਪਲਾਈ ਲਈ? ਜੀ.ਕੇ. ਨੇ ਦਾਅਵਾ ਕੀਤਾ ਕਿ ਆਟਾ ਖਰਾਬ ਨਹੀਂ ਸੀ ਸਗੋਂ ਇਨ੍ਹਾਂ ਦੀ ਨੀਅਤ ਖਰਾਬ ਸੀ ਜੋ ਇਨ੍ਹਾਂ ਨੂੰ ਲੰਗਰ ਵਰਗੀ ਪਵਿੱਤਰ ਸੰਸਥਾ ਦੀ ਪਰੰਪਰਾ ਨੂੰ ਤਾਰ-ਤਾਰ ਕਰਨ ਨੂੰ ਉਤਸ਼ਾਹਤ ਕਰਦੀ ਹੈ।
ਬਾਂਦਰ ਨਾਲ ਬੇਰਹਿਮੀ ਦਾ ਵੀਡੀਓ ਵਾਇਰਲ, 6 ਪਿੰਡ ਵਾਸੀ ਹਿਰਾਸਤ 'ਚ
NEXT STORY