ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਾਵਾਮਾ ਜ਼ਿਲੇ ਦੇ ਤ੍ਰਾਲ ਖੇਤਰ 'ਚ ਮੰਗਲਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ (ਆਰ.ਆਰ.), ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਅਤੇ ਕੇਂਦਰੀ ਰਿਜ਼ਰਵ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਖੂਫੀਆ ਸੂਚਨਾ ਮਿਲਣ ਤੋਂ ਬਾਅਦ ਤ੍ਰਾਲ ਦੇ ਮੀਰ ਮੁੱਹਲਾ 'ਚ ਸੋਮਵਾਰ ਦੀ ਸ਼ਾਮ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਫੋਰਸਾਂ ਦੇ ਜਵਾਨ ਇਲਾਕੇ 'ਚ ਵਧਣ ਲੱਗੇ, ਉਦੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਸੁਰੱਖਿਆ ਫੋਰਸਾਂ ਨੇ ਵੀ ਗੋਲੀਆਂ ਚਲਾਈਆਂ।
ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਸੁਰੱਖਿਆ ਫੋਰਸਾਂ ਨੇ ਖੇਤਰ 'ਚ ਫਿਰ ਤੋਂ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਜਿਸ ਮਕਾਨ ਦੇ ਅੰਦਰੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ, ਉਸ ਨੂੰ ਸੁਰੱਖਿਆ ਫੋਰਸਾਂ ਨੇ ਧਮਾਕੇ ਨਾਲ ਉੱਡਾ ਦਿੱਤਾ, ਜਿਸ ਤੋਂ ਬਾਅਦ ਮਕਾਨ 'ਚ ਅੱਗ ਲੱਗ ਗਈ। ਇਸ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ। ਸੂਤਰਾਂ ਅਨੁਸਾਰ 2 ਤੋਂ ਤਿੰਨ ਅੱਤਵਾਦੀ ਇਸ ਖੇਤਰ 'ਚ ਲੁਕੇ ਹੋ ਸਕਦੇ ਹਨ। ਅੱਤਵਾਦੀਆਂ ਦੇ ਦੌੜਨ ਦੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਐਡੀਸ਼ਨਲ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਖੇਤਰ 'ਚ ਤਾਇਨਾਤ ਕੀਤਾ ਗਿਆ ਹੈ। ਅੰਤਿਮ ਰਿਪੋਰਟ ਮਿਲਣ ਤੱਕ ਮੁਹਿੰਮ ਜਾਰੀ ਸੀ।
ਕੀ ਕੌਮੀ ਸੁਰੱਖਿਆ ਦਾ ਮੁੱਦਾ ਚੋਣ ਨਤੀਜਿਆਂ ’ਤੇ ਅਸਰ ਪਾਏਗਾ?
NEXT STORY