ਮਾਂਡਿਆ- ਕਰਨਾਟਕ ਦੇ ਮਾਂਡਿਆ ਜ਼ਿਲ੍ਹੇ 'ਚ ਪ੍ਰਸਿੱਧ ਸੈਰ-ਸਪਾਟਾ ਸਥਾਨ ਮੁਤੱਥੀ ਵਿਖੇ ਕਾਵੇਰੀ ਨਦੀ ਦੇ ਕੰਢੇ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਇਕ ਪਰਿਵਾਰ ਦੀਆਂ 4 ਔਰਤਾਂ ਅਤੇ ਉਨ੍ਹਾਂ ਦੇ ਡਰਾਈਵਰ ਸਮੇਤ 5 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਵਿਜਯੰਮਾ, ਉਸ ਦੀਆਂ ਧੀਆਂ ਪ੍ਰਿਯੰਕਾ, ਸ਼ਵੇਤਾ ਅਤੇ ਚੈਤਰਾ ਤੇ ਡਰਾਈਵਰ ਮਹੇਸ਼ ਵਜੋਂ ਹੋਈ ਹੈ। ਉਹ ਸਾਰੇ ਬੈਂਗਲੁਰੂ ਦੇ ਨੇੜੇ ਚੰਨਾਪਟਨਾ ਤਾਲੁਕ ਦੇ ਜਗਦਾਪੁਰਾ ਪਿੰਡ ਦੇ ਰਹਿਣ ਵਾਲੇ ਸਨ।
ਪੁਲਸ ਦੇ ਅਨੁਸਾਰ, ਪਰਿਵਾਰ ਬੁੱਧਵਾਰ ਸ਼ਾਮ ਨੂੰ ਇਕ ਰਵਾਇਤੀ ਦਾਅਵਤ 'ਚ ਸ਼ਾਮਲ ਹੋਣ ਅਤੇ ਪ੍ਰਾਰਥਨਾ ਕਰਨ ਲਈ ਕਬਾਲੂ ਮੰਦਰ ਗਿਆ ਸੀ। ਇਸ ਤੋਂ ਬਾਅਦ, ਉਹ ਮਾਲਵੱਲੀ ਤਾਲੁਕ ਦੇ ਮੁਤੱਥੀ ਸੈਰ-ਸਪਾਟਾ ਸਥਾਨ 'ਤੇ ਘੁੰਮਣ ਗਏ। ਨਦੀ ਦੇ ਨੇੜੇ ਫੋਟੋਆਂ ਖਿੱਚਦੇ ਸਮੇਂ, ਵਿਜਯੰਮਾ ਫਿਸਲ ਗਈ ਅਤੇ ਪਾਣੀ 'ਚ ਡਿੱਗ ਗਈ। ਪਰਿਵਾਰ ਦੀਆਂ ਹੋਰ ਔਰਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਵਹਾਅ 'ਚ ਉਹ ਰੁੜ੍ਹ ਗਈਆਂ। ਡਰਾਈਵਰ ਮਹੇਸ਼ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ, ਪਰ ਉਹ ਵੀ ਆਪਣੇ ਆਪ ਨੂੰ ਬਚਾਉਣ 'ਚ ਅਸਮਰੱਥ ਰਿਹਾ ਅਤੇ ਡੁੱਬ ਗਿਆ।
ਸਥਾਨਕ ਪ੍ਰਸ਼ਾਸਨ ਨੇ ਹੁਨਰਮੰਦ ਤੈਰਾਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਸ਼ਾਮ 7 ਵਜੇ ਦੇ ਕਰੀਬ ਨਦੀ 'ਚੋਂ 5 ਲਾਸ਼ਾਂ ਨੂੰ ਬਾਹਰ ਕੱਢ ਲਈਆਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਮਾਂਡਿਆ ਦੀ ਪੁਲਸ ਸੁਪਰਡੈਂਟ ਵੀ.ਜੇ. ਸ਼ੋਭਾ ਰਾਣੀ ਨੇ ਦੱਸਿਆ ਕਿ ਪਾਣੀ ਦਾ ਪੱਧਰ ਘੱਟ ਦਿਖਾਈ ਦੇਣ ਦੇ ਬਾਵਜੂਦ, ਨਦੀ ਦਾ ਵਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਮਾਂਡਿਆ ਦੇ ਡਿਪਟੀ ਕਮਿਸ਼ਨਰ ਡਾ. ਕੁਮਾਰ, ਸੀਨੀਅਰ ਪੁਲਸ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਨੇ ਮੌਕੇ ਦਾ ਦੌਰਾ ਕੀਤਾ। ਹਲਾਸੂਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਨਾਟਕ 'ਚ ਕ੍ਰਾਸ-ਵੋਟਿੰਗ ਕਰਨ ਵਾਲੇ ਵਿਧਾਇਕਾਂ 'ਤੇ ਐਕਸ਼ਨ ਦੀ ਤਿਆਰੀ 'ਚ ਭਾਜਪਾ ਹਾਈਕਮਾਂਡ
NEXT STORY