ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ (29 ਅਪ੍ਰੈਲ) ਪੁਣੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਹੋਇਆਂ ਉਨ੍ਹਾਂ ਨੂੰ ‘ਭਟਕਦੀ ਆਤਮਾ’ ਦੱਸਿਆ ਸੀ। ਉਨ੍ਹਾਂ ਦੀ ਇਸ ਟਿੱਪਣੀ ’ਤੇ ਖੁਦ ਸ਼ਰਦ ਪਵਾਰ ਸਮੇਤ ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਦੇ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ. ਧੜੇ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮੋਦੀ ਅੱਜਕੱਲ ਮੇਰੇ ਤੋਂ ਬਹੁਤ ਨਾਰਾਜ਼ ਹਨ। ਇਕ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਮੇਰੀ ਉਂਗਲ ਫੜ ਕੇ ਸਿਆਸਤ ਵਿਚ ਆਏ। ਹੁਣ ਉਹ ਕਹਿ ਰਹੇ ਹਨ ਕਿ ਮੈਂ ਭਟਕਦੀ ਆਤਮਾ ਹਾਂ। ਸ਼ਰਦ ਪਵਾਰ ਨੇ ਕਿਹਾ ਕਿ ਮੈਂ ਹਾਂ ਕਿਸਾਨਾਂ ਲਈ, ਖੁਦ ਦੇ ਸਵਾਰਥ ਲਈ ਨਹੀਂ। ਮੈਂ ਕਿਸਾਨਾਂ ਦਾ ਦਰਦ ਦੱਸਣ ਲਈ ਭਟਕਦਾ ਹਾਂ। ਮਹਿੰਗਾਈ ਤੋਂ ਆਮ ਆਦਮੀ ਪ੍ਰੇਸ਼ਾਨ ਹੈ, ਇਹ ਦੱਸਣ ਲਈ ਭਟਕਦਾ ਹਾਂ।
ਐੱਮ. ਵੀ. ਏ. ’ਚ ਸ਼ਾਮਲ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਊਤ ਨੇ ਪੀ. ਐੱਮ. ਮੋਦੀ ’ਤੇ ਚੁਟਕੀ ਲਈ ਅਤੇ ਉਨ੍ਹਾਂ ਨੂੰ ਅਘੋਰੀ ਆਤਮਾ ਦੱਸਿਆ। ਰਾਊਤ ਨੇ ਕਿਹਾ ਕਿ ਪੀ. ਐੱਮ. ਮੋਦੀ ਦੀ ਆਤਮਾ ਦਿੱਲੀ ਤੋਂ ਮਹਾਰਾਸ਼ਟਰ ਆਉਂਦੀ ਹੈ ਅਤੇ ਭਟਕਦੀ ਹੈ। ਉਨ੍ਹਾਂ ਦੀ ਰੂਹ ਇਸ ਲਈ ਭਟਕ ਰਹੀ ਹੈ ਕਿਉਂਕਿ 4 ਜੂਨ ਤੋਂ ਬਾਅਦ ਮਹਾਰਾਸ਼ਟਰ ਭਾਜਪਾ ਲਈ ਸ਼ਮਸ਼ਾਨਘਾਟ ਵਾਂਗ ਬਣ ਜਾਵੇਗਾ। ਇਸ ਲਈ ਮੋਦੀ ਦੀ ਆਤਮਾ ਮਹਾਰਾਸ਼ਟਰ ਵਿਚ ਭਟਕ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅੰਤਿਮ ਸੰਸਕਾਰ ਮਹਾਰਾਸ਼ਟਰ ਵਿਚ ਹੋਵੇਗਾ।
ਐੱਮ. ਵੀ. ਏ. ਦੇ ਨੇਤਾ ਜਿਤੇਂਦਰ ਆਵਹਾਡ ਨੇ ਆਪਣੇ ਨੇਤਾ ਬਾਰੇ ਪੀ. ਐੱਮ. ਮੋਦੀ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮਰਾਠੀ ਲੋਕ ਜਾਣਦੇ ਹਨ ਕਿ ਭਟਕਦੀ ਆਤਮਾ ਕਿਸ ਨੂੰ ਕਹਿੰਦੇ ਹਨ। ਇਸ ਤੋਂ ਪਹਿਲਾਂ ਅਜੀਤ ਪਵਾਰ ਨੇ ਵੀ ਕਿਹਾ ਸੀ ਕਿ ਉਹ ਆਪਣਾ ਆਖਰੀ ਭਾਸ਼ਣ ਕਦੋਂ ਦੇਣਗੇ। ਕੀ ਪਵਾਰ ਸਾਹਿਬ ਮਰਨ ਦੀ ਉਡੀਕ ਹੋ ਰਹੀ ਹੈ? ਆਦਿਤਿਆ ਠਾਕਰੇ ਨੇ ਕਿਹਾ ਕਿ ਪੀ. ਐੱਮ. ਮੋਦੀ ਨੇ ਸ਼ਰਦ ਪਵਾਰ ਨੂੰ ਭਟਕਦੀ ਆਤਮਾ ਕਿਹਾ, ਇਹ ਸਹੀ ਨਹੀਂ ਹੈ ਅਤੇ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ।
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ; ਡਾਰਕ ਵੈੱਬ 'ਚ ਉਲਝ ਕੇ ਰਹਿ ਗਈ ਪੁਲਸ ਦੀ ਜਾਂਚ
NEXT STORY