ਨੈਸ਼ਨਲ ਡੈਸਕ— ਕਈ ਪ੍ਰਮੁੱਖ ਸਿਆਸਤਦਾਨ ਜਿਨ੍ਹਾਂ 'ਚ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹਨ, ਨੇ ਦਿੱਲੀ ਦੇ ਵੱਕਾਰੀ ਗੋਲਫ ਕਲੱਬ ਦੀ ਮੈਂਬਰੀ ਗੁਆ ਲਈ ਹੈ। ਇਕ ਵੱਡੇ ਫੈਸਲੇ ਅਧੀਨ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਗਭਗ 100 ਮੈਂਬਰਾਂ ਦੀ ਮੈਂਬਰੀ ਨੂੰ ਖਤਮ ਕੀਤਾ ਹੈ। ਇਨ੍ਹਾਂ ਨੂੰ ਸਾਬਕਾ ਯੂ. ਪੀ. ਏ. ਸਰਕਾਰ ਦੇ ਰਾਜਕਾਲ ਦੌਰਾਨ ਮੰਤਰੀਆਂ ਦੇ ਕੋਟੇ 'ਚੋਂ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਵਿਅਕਤੀਆਂ ਦੀ ਮੈਂਬਰੀ ਖਤਮ ਕੀਤੀ ਗਈ ਹੈ, ਉਨ੍ਹਾਂ 'ਚ ਬਿਨਾਂ ਵਿਭਾਗ ਦੇ ਕੇਂਦਰੀ ਮੰਤਰੀ ਅਰੁਣ ਜੇਤਲੀ ਵੀ ਸ਼ਾਮਲ ਹਨ। ਜੇਤਲੀ ਦੇ ਬੇਟੇ ਰੋਹਨ ਜੇਤਲੀ ਜਿਸ ਨੂੰ ਗੋਲਫ ਕਲੱਬ ਦਾ ਪੂਰਨ ਸਮੇਂ ਦਾ ਮੈਂਬਰ ਬਣਾਇਆ ਗਿਆ ਸੀ, ਦੀ ਮੈਂਬਰੀ ਖਤਮ ਨਹੀਂ ਕੀਤੀ ਗਈ। ਮੋਦੀ ਸਰਕਾਰ ਦਾ ਇਹ ਫੈਸਲਾ ਕਈਆਂ ਲਈ ਹੈਰਾਨੀਜਨਕ ਸਾਬਤ ਹੋਇਆ ਹੈ ਕਿਉਂਕਿ ਸ਼ਹਿਰੀ ਵਿਕਾਸ ਮੰਤਰਾਲਾ ਨੇ ਕਈ ਚੋਟੀ ਦੇ ਸਿਆਸਤਦਾਨਾਂ ਦੀ ਮੈਂਬਰੀ ਵੀ ਖਤਮ ਕੀਤੀ ਹੈ। ਇਨ੍ਹਾਂ 'ਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਹਨ।
ਮੋਦੀ ਦੇ ਕੱਟੜ ਆਲੋਚਕ ਸ਼ਤਰੂਘਨ ਸਿਨ੍ਹਾ ਜੋ ਇਸ ਸਮੇਂ ਭਾਜਪਾ ਦੇ ਲੋਕ ਸਭਾ ਮੈਂਬਰ ਵੀ ਹਨ, ਦੀ ਗੋਲਫ ਕਲੱਬ ਦੀ ਮੈਂਬਰੀ ਖਤਮ ਕਰ ਦਿੱਤੀ ਗਈ ਹੈ। ਜੇ ਸੂਤਰਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਐੈੱਨ. ਸੀ. ਪੀ. ਦੇ ਨੇਤਾ ਸ਼ਰਦ ਪਵਾਰ ਤੇ ਉਨ੍ਹਾਂ ਦੀ ਬੇਟੀ ਸੁਪ੍ਰਿਆ ਦੀ ਮੈਂਬਰੀ ਵੀ ਖਤਮ ਕਰ ਦਿੱਤੀ ਗਈ ਹੈ। ਜੋ ਵੀ ਹੋਵੇ, ਪਵਾਰ ਪਿਉ-ਧੀ ਨੂੰ ਮੋਦੀ ਸਰਕਾਰ ਵਿਰੋਧੀ ਹੋਣ ਦੀ ਕੀਮਤ ਚੁਕਾਉਣੀ ਪਈ ਹੈ।
ਸਾਬਕਾ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਦੀ ਮੈਂਬਰੀ ਵੀ ਖਤਮ ਕਰ ਦਿੱਤੀ ਗਈ ਹੈ। ਇਹ ਉਹੀ ਕਮਲਨਾਥ ਹਨ ਜੋ ਕਿਸੇ ਸਮੇਂ ਕਲੱਬ ਦੇ ਮੈਂਬਰਾਂ ਨੂੰ ਖੁਦ ਨਾਮਜ਼ਦ ਕਰਦੇ ਸਨ। ਕਮਲਨਾਥ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹੁੰਦਿਆਂ ਕਈ ਚੋਟੀ ਦੇ ਵਿਅਕਤੀਆਂ ਨੂੰ ਗੋਲਫ ਕਲੱਬ ਦੇ ਮੈਂਬਰ ਨਾਮਜ਼ਦ ਕੀਤਾ ਸੀ। ਰਾਜੀਵ ਸ਼ੁਕਲਾ ਜੋ ਗਾਂਧੀ ਪਰਿਵਾਰ ਦੇ ਨੇੜੇ ਜਾਣੇ ਜਾਂਦੇ ਹਨ, ਦੀ ਮੈਂਬਰੀ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਰਾਬਰਟ ਵਢੇਰਾ ਜੋ ਸੋਨੀਆ ਦੇ ਜਵਾਈ ਹਨ, ਦੀ ਮੈਂਬਰੀ ਨੂੰ ਖਤਮ ਨਹੀਂ ਕੀਤਾ ਗਿਆ। ਉਹ ਅਜੇ ਵੀ ਗੋਲਫ ਕਲੱਬ ਦੇ ਮੈਂਬਰ ਹਨ। ਮਨਮੋਹਨ ਸਿੰਘ ਸਰਕਾਰ ਵੇਲੇ ਸ਼ਹਿਰੀ ਵਿਕਾਸ ਮੰਤਰੀ ਐੱਸ. ਜੈਪਾਲ ਰੈੱਡੀ ਨੇ ਰਾਬਰਟ ਵਢੇਰਾ ਨੂੰ ਗੋਲਫ ਕਲੱਬ ਦਾ ਮੈਂਬਰ ਨਾਮਜ਼ਦ ਕੀਤਾ ਸੀ, ਨਾਲ ਹੀ ਵਢੇਰਾ ਦੇ ਕਈ ਹੋਰ ਸਾਥੀਆਂ ਨੂੰ ਮੈਂਬਰ ਵੀ ਬਣਾਇਆ ਸੀ।
ਮੋਦੀ ਵਲੋਂ ਗਡਕਰੀ ਨੂੰ ਝਟਕਾ, ਐੱਨ. ਐੱਚ. ਏ. ਆਈ. 'ਚ ਅਸਥਿਰਤਾ
NEXT STORY