ਨਵੀਂ ਦਿੱਲੀ— ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਦੇ ਚੇਅਰਮੈਨ ਦੀਪਕ ਕੁਮਾਰ ਨੂੰ ਅਚਾਨਕ ਹੀ ਬਿਹਾਰ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ, ਜਿਸ ਕਾਰਨ ਸੜਕੀ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਆਮ ਤੌਰ 'ਤੇ ਐੱਨ. ਐੱਚ. ਏ. ਆਈ. ਦੇ ਚੇਅਰਮੈਨ ਦੀ ਮਿਆਦ 3 ਸਾਲ ਹੁੰਦੀ ਹੈ ਪਰ ਪਿਛਲੇ 33 ਮਹੀਨਿਆਂ ਦੌਰਾਨ ਐੱਨ. ਐੱਚ. ਏ. ਆਈ. ਨੇ 3 ਚੇਅਰਮੈਨ ਵੇਖੇ ਹਨ। ਗਡਕਰੀ ਨੂੰ ਇਸ ਕਾਰਨ ਸਾਰੇ ਹਾਲਾਤ ਨਾਲ ਨਜਿੱਠਣ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਗਡਕਰੀ ਚਾਹੁੰਦੇ ਹਨ ਕਿ ਇਸ ਸਾਲ ਤੱਕ ਵੱਧ ਤੋਂ ਵੱਧ ਪ੍ਰਾਜੈਕਟ ਮੁਕੰਮਲ ਹੋ ਜਾਣ ਅਤੇ ਉਹ ਦੁਨੀਆ ਨੂੰ ਵਿਖਾ ਸਕਣ ਕਿ ਭਾਰਤ ਵਿਚ ਸੜਕੀ ਟ੍ਰਾਂਸਪੋਰਟ ਹੀ ਇਕੋ ਇਕ ਅਜਿਹਾ ਸੈਕਟਰ ਹੈ ਜੋ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਗਡਕਰੀ ਨੇ ਇਹ ਸੱਚਾਈ ਮੰਨ ਲਈ ਹੈ ਕਿ ਉਨ੍ਹਾਂ ਕੋਲ ਐੱਨ. ਐੱਚ. ਏ. ਆਈ. ਦਾ ਚੇਅਰਮੈਨ ਚੁਣਨ ਦੀ ਕੋਈ ਤਾਕਤ ਨਹੀਂ। ਉਹ ਇਸ ਸਬੰਧੀ ਆਪਣੇ ਤੌਰ 'ਤੇ ਕੋਈ ਫੈਸਲਾ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਦਫਤਰ ਹੀ ਇਸ ਲਈ ਅਧਿਕਾਰਤ ਹੈ। ਇਸਦੇ ਨਾਲ ਹੀ ਗਡਕਰੀ ਦੀ ਵੱਡੀ ਚਿੰਤਾ ਇਹ ਵੀ ਹੈ ਕਿ ਵਾਰ-ਵਾਰ ਚੇਅਰਮੈਨ ਬਦਲੇ ਜਾਣ ਕਾਰਨ ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਮੁਕੰਮਲ ਕਰਨ ਵਿਚ ਰੁਕਾਵਟਾਂ ਖੜ੍ਹੀਆਂ ਹੋ ਰਹੀਆਂ ਹਨ। ਜੂਨ 2015 ਵਿਚ ਐੱਨ. ਐੱਚ. ਏ. ਆਈ. ਦੇ ਚੇਅਰਮੈਨ ਆਰ. ਕੇ. ਸਿੰਘ ਸੇਵਾਮੁਕਤ ਹੋਏ। ਉਸ ਤੋਂ ਬਾਅਦ ਰਾਘਵ ਚੰਦਰਾ ਨੂੰ ਚੇਅਰਮੈਨ ਬਣਾਇਆ ਗਿਆ। ਉਹ 15 ਮਹੀਨਿਆਂ ਲਈ ਇਸ ਅਹੁਦੇ 'ਤੇ ਰਹੇ। ਉਸ ਤੋਂ ਬਾਅਦ ਯੁੱਧਵੀਰ ਸਿੰਘ ਮਲਿਕ ਚੇਅਰਮੈਨ ਬਣੇ ਅਤੇ ਉਹ ਸਿਰਫ 6 ਮਹੀਨਿਆਂ ਲਈ ਹੀ ਇਸ ਅਹੁਦੇ 'ਤੇ ਰਹੇ। ਯੁੱਧਵੀਰ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਕੇ ਸੜਕੀ ਆਵਾਜਾਈ ਮੰਤਰਾਲਾ ਵਿਚ ਸਕੱਤਰ ਲਾ ਦਿੱਤਾ ਗਿਆ। ਪਿਛਲੇ ਸਾਲ ਜੂਨ ਵਿਚ ਦੀਪਕ ਕੁਮਾਰ ਨੂੰ ਨਵਾਂ ਚੇਅਰਮੈਨ ਬਣਾਇਆ ਗਿਆ ਪਰ ਹੁਣ ਸਿਰਫ 11 ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਬਿਹਾਰ ਦਾ ਚੀਫ ਸੈਕਟਰੀ ਬਣਾ ਕੇ ਪਟਨਾ ਭੇਜ ਦਿੱਤਾ ਗਿਆ। 2013 ਵਿਚ ਸੋਧੇ ਗਏ ਐੱਨ. ਐੱਚ. ਏ. ਆਈ. ਐਕਟ 1988 'ਚ ਕਿਹਾ ਗਿਆ ਹੈ ਕਿ ਚੇਅਰਮੈਨ ਦੀ ਨਿਯੁਕਤੀ ਬਾਰੇ ਅਰਜ਼ੀਆਂ ਲੈਣ ਲਈ ਘੱਟੋ-ਘੱਟ ਤਿੰਨ ਕੌਮੀ ਅਖਬਾਰਾਂ ਵਿਚ ਇਸ਼ਤਿਹਾਰ ਦਿੱਤਾ ਜਾਵੇ ਅਤੇ ਚੋਣ ਦੀ ਪੂਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਇਸ ਕੰਮ ਲਈ 4 ਤੋਂ 6 ਮਹੀਨਿਆਂ ਦਾ ਸਮਾਂ ਲਗਦਾ ਹੈ। ਇਥੇ ਚੇਅਰਮੈਨ ਦੀ ਅਸਾਮੀ ਲਈ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਹੋਰ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ। ਹੁਣ ਵਾਈ. ਐੱਸ. ਮਲਿਕ ਨੂੰ ਐੱਨ. ਐੱਚ. ਏ. ਆਈ. ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਥਾਈ ਚੇਅਰਮੈਨ ਕਦੋਂ ਨਿਯੁਕਤ ਕੀਤਾ ਜਾਏਗਾ, ਇਸ ਸਬੰਧੀ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਸ ਅਦਾਰੇ 'ਚ ਵਾਰ-ਵਾਰ ਚੇਅਰਮੈਨ ਕਿਉਂ ਬਦਲੇ ਜਾਂਦੇ ਹਨ, ਸਬੰਧੀ ਦੱਸਣ ਲਈ ਕਿਸੇ ਕੋਲ ਕੋਈ ਜਵਾਬ ਨਹੀਂ।
ਪਲਾਨੀਸਵਾਮੀ ਦੀ ਸਰਕਾਰ ਨੂੰ ਮਿਲੀ ਰਾਹਤ,ਤਿੰਨ ਜੱਜਾਂ ਦੀ ਬੈਂਚ ਕਰੇਗੀ 18 ਵਿਧਾਇਕਾਂ ਦਾ ਫੈਸਲਾ
NEXT STORY