ਮੁੰਬਈ, (ਵਿਸ਼ੇਸ਼)— 4 ਸਾਲ ਦੀ ਤਲਖੀ ਤੋਂ ਬਾਅਦ ਆਖਿਰ ਚੋਣ ਮੌਸਮ ਵਿਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਇਕੱਠੇ ਹੋ ਗਏ ਹਨ। ਇਸ ਦੇ ਬਾਵਜੂਦ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਵਿਚ ਗਠਜੋੜ ਵਰਗਾ ਤਾਲਮੇਲ ਜ਼ਮੀਨੀ ਪੱਧਰ ’ਤੇ ਵੇਖਣ ਨੂੰ ਮਿਲ ਰਿਹਾ। ਦੋਵਾਂ ਪਾਰਟੀਆਂ ਦੇ ਆਗੂਆਂ ’ਚ ਸਥਾਨਕ ਪੱਧਰ ’ਤੇ ਆਪਸੀ ਦੁਸ਼ਮਣੀ ਵੀ ਰਾਹ ਦਾ ਰੋੜਾ ਬਣ ਰਹੀ ਹੈ। ਇਸ ਕਾਰਨ ਅਜਿਹੇ ਅਨੁਮਾਨ ਲਾਏ ਜਾ ਰਹੇ ਹਨ ਕਿ ਦੋਵਾਂ ਪਾਰਟੀਆਂ ਵਲੋਂ ਇਕੱਠੀਆਂ ਚੋਣਾਂ ਲੜਨ ਦੇ ਐਲਾਨ ਦੇ ਬਾਵਜੂਦ ਉਨ੍ਹਾਂ ਨੂੰ ਮਹਾਰਾਸ਼ਟਰ ਵਿਚ ਕੋਈ ਵੱਡਾ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ। ਮੁੰਬਈ ਦੀ ਉਤਰੀ ਪੂਰਬੀ ਸੀਟ ਦੀ ਉਦਾਹਰਣ ਹੀ ਲੈ ਲਓ। ਪਾਰਟੀ ਵਿਚ ਕਈ ਮਸਲਿਆਂ ਦੇ ਬਾਵਜੂਦ ਭਾਜਪਾ ਇਥੋਂ ਦੀ ਟਿਕਟ ਕਿਰੀਟ ਸੋਮਈਆ ਨੂੰ ਦੇਣਾ ਚਾਹੁੰਦੀ ਸੀ ਪਰ ਸ਼ਿਵ ਸੈਨਾ ਦੇ ਵਿਰੋਧ ਪਿੱਛੋਂ ਇਹ ਟਿਕਟ ਕੱਟ ਦਿੱਤੀ ਗਈ।
ਸ਼ਿਵ ਸੈਨਾ ਦੇ ਨੇਤਾ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਜੇ ਭਾਜਪਾ ਸੋਮਈਆ ਨੂੰ ਟਿਕਟ ਦਿੰਦੀ ਹੈ ਤਾਂ ਉਹ ਉਸ ਲਈ ਕੰਮ ਨਹੀਂ ਕਰਨਗੇ ਅਤੇ ਆਪਣਾ ਉਮੀਦਵਾਰ ਖੜ੍ਹਾ ਕਰਨਗੇ। ਸੰਜੇ ਰਾਊਤ ਦੇ ਭਰਾ ਵਿਧਾਇਕ ਸੁਨੀਲ ਰਾਊਤ ਨੇ ਕਿਹਾ ਕਿ ਉਹ ਸੋਮਈਆ ਵਿਰੁੱਧ ਚੋਣ ਲੜਨਗੇ। ਸੁਨੀਲ ਨੇ ਇਹ ਵੀ ਕਿਹਾ ਕਿ ਸੋਮਈਆ ਨੇ 2017 ਦੀਆਂ ਨਗਰ ਪਾਲਿਕਾ ਚੋਣਾਂ ਦੌਰਾਨ ਸ਼ਿਵ ਸੈਨਾ ਮੁਖੀ ਨੂੰ ਸ਼ਰੇਆਮ ਭ੍ਰਿਸ਼ਟ ਕਿਹਾ ਸੀ। ਨਾਲ ਹੀ ਕਈ ਹੋਰ ਨਿੱਜੀ ਕਿਸਮ ਦੇ ਦੋਸ਼ ਵੀ ਲਾਏ ਸਨ। ਇਸ ਕਾਰਨ ਸ਼ਿਵ ਸੈਨਾ ਦੇ ਵਰਕਰ ਕਹਿ ਰਹੇ ਹਨ ਕਿ ਉਹ ਕਿਸ ਮੂੰਹ ਨਾਲ ਉਨ੍ਹਾਂ ਦਾ ਪ੍ਰਚਾਰ ਕਰਨਗੇ। ਰਵੀਰ ਲੋਕ ਸਭਾ ਸੀਟ ’ਤੇ ਵੀ ਇਸੇ ਤਰ੍ਹਾਂ ਦਾ ਕਲੇਸ਼ ਹੈ। ਇਥੋਂ ਏਕਨਾਥ ਖੜਸੇ ਦੀ ਨੂੰਹ ਰਕਸ਼ਾ ਖੜਸੇ ਭਾਜਪਾ ਵਲੋਂ ਚੋਣ ਮੈਦਾਨ ਵਿਚ ਹੈ। ਸ਼ਿਵ ਸੈਨਾ ਦੇ ਵਿਧਾਇਕ ਗੁਲਾਬਰੋ ਪਾਟਿਲ ਅਤੇ ਸਥਾਨਕ ਸ਼ਿਵ ਸੈਨਾ ਆਗੂ ਚੰਦਰਕਾਂਤ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਰਕਸ਼ਾ ਦੇ ਹੱਕ ਵਿਚ ਕੰਮ ਨਹੀਂ ਕਰਨਗੇ।
ਇਸੇ ਤਰ੍ਹਾਂ ਜਲਗਾਂਵ ਵਿਖੇ ਵੀ ਸ਼ਿਵ ਸੈਨਾ ਨੇਤਾ ਸੁਰੇਕਸ਼ ਜੈਨ ਨੇ ਆਪਣੀ ਹਮਾਇਤ ਐੱਨ. ਸੀ. ਪੀ. ਨੇਤਾ ਗੁਲਾਬਰੋ ਦਿਓਕਰ ਨੂੰ ਦੇਣ ਦਾ ਐਲਾਨ ਕੀਤਾ ਹੈ। ਇਥੋਂ ਭਾਜਪਾ ਦੇ ਉਮੀਦਵਾਰ ਸਮਿਤਾ ਹਨ। ਇਸੇ ਤਰ੍ਹਾਂ ਦੀ ਘੁੰਡੀ ਸ਼ਿਰਡੀ ਲੋਕ ਸਭਾ ਸੀਟ ’ਤੇ ਵੀ ਫਸੀ ਹੋਈ ਹੈ। ਇਥੋਂ ਬਾਹੂ ਸਾਹਿਬ ਜਿਨ੍ਹਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਿਵ ਸੈਨਾ ਦੇ ਸਦਾਸ਼ਿਵ ਲੋਹਖਾਂਡੇ ਨੇ ਹਰਾਇਆ ਸੀ, ਭਾਜਪਾ ਵਿਚ ਇਹ ਉਮੀਦ ਲੈ ਕੇ ਆਏ ਸਨ ਕਿ ਜੇ ਦੋਵਾਂ ਪਾਰਟੀਆਂ ਵਿਚ ਗਠਜੋੜ ਨਾ ਹੋਇਆ ਤਾਂ ਉਨ੍ਹਾਂ ਨੂੰ ਭਾਜਪਾ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਹੁਣ ਦੋਵਾਂ ਪਾਰਟੀਆਂ ਵਿਚ ਤਾਲਮੇਲ ਹੋ ਗਿਆ ਹੈ, ਇਸ ਲਈ ਲੋਹਖਾਂਡੇ ਨੇ ਭਾਜਪਾ ਦਾ ਪੱਲਾ ਛੱਡ ਦਿੱਤਾ ਹੈ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮਨ ਬਣਾਇਆ ਹੈ।
ਇਹੀ ਨਹੀਂ, ਅਸੰਤੋਸ਼ ਦੀ ਅੱਗ ਮਵਾਲ ਲੋਕ ਸਭਾ ਸੀਟ ’ਤੇ ਵੀ ਭੜਕੀ ਹੋਈ ਹੈ। ਇਥੋਂ ਸ਼ਿਵ ਸੈਨਾ ਦੇ ਉਮੀਦਵਾਰ ਸ਼੍ਰੀਰੰਗ ਵਰਨੇ ਹਨ। ਉਹ ਸ਼ਰਦ ਪਵਾਰ ਦੇ ਪੋਤਰੇ ਪਾਰਥ ਨਾਲ ਮੁਕਾਬਲੇ ਵਿਚ ਹਨ। ਇਥੇ ਉਨ੍ਹਾਂ ਨੂੰ ਸਥਾਨਕ ਭਾਜਪਾ ਵਿਧਾਇਕ ਲਕਸ਼ਮਣ ਦਾ ਸਾਥ ਵੀ ਨਹੀਂ ਮਿਲ ਰਿਹਾ। ਲਕਸ਼ਮਣ ਨੇ ਪਿਛਲੀਆਂ ਚੋਣਾਂ ਵਿਚ ਵਰਨੇ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ।
ਸੰਘ ਦੇ ਗੜ੍ਹ ’ਚ ਗਡਕਰੀ ਦੇ ਸਾਹਮਣੇ ਪਟੋਲੇ ਦੀ ਚੁਣੌਤੀ-
ਨਾਗਪੁਰ ਵਿਦਰਭ ਦਾ ਸਭ ਤੋਂ ਪ੍ਰਮੁੱਖ ਸ਼ਹਿਰ ਹੈ। ਰਾਜਸੀ ਸਵੈਮ-ਸੇਵਕ ਦੇ ਗੜ੍ਹ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਦੀਕਸ਼ਾ ਭੂਮੀ ਵਜੋਂ ਵੀ ਇਹ ਸ਼ਹਿਰ ਪ੍ਰਸਿੱਧ ਹੈ। ਇਥੋਂ ਦੀ ਲੋਕ ਸਭਾ ਸੀਟ ਤੋਂ ਹੁਣ ਤੱਕ ਕਾਂਗਰਸ ਨੇ ਸਭ ਤੋਂ ਵੱਧ ਵਾਰ ਜਿੱਤ ਹਾਸਲ ਕੀਤੀ ਹੈ। ਮੌਜੂਦਾ ਸਮੇਂ ਵਿਚ ਇਥੋਂ ਭਾਜਪਾ ਦੇ ਚੋਟੀ ਦੇ ਆਗੂ ਅਤੇ ਸਾਬਕਾ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਐੱਮ. ਪੀ. ਹਨ। ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 4 ਵਾਰ ਦੇ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਮ ਵਿਲਾਸ ਮੁਤੇਮਵਾਰ ਨੂੰ ਹਰਾਇਆ ਸੀ। ਕਾਂਗਰਸ ਨੇ ਇਸ ਵਾਰ ਇਥੋਂ ਨਾਨਾ ਪਟੋਲੇ ਨੂੰ ਟਿਕਟ ਦਿੱਤੀ ਹੈ। ਪਟੋਲੇ ਇਸ ਤੋਂ ਪਹਿਲਾਂ ਭਾਜਪਾ ਦੇ ਨੇਤਾ ਅਤੇ ਸੰਸਦ ਮੈਂਬਰ ਰਹਿ ਚੁੱਕੇ ਹਨ। ਨਿਤਿਨ ਗਡਕਰੀ ਨੇ ਸੰਸਦ ਮੈਂਬਰ ਅਤੇ ਮੰਤਰੀ ਵਜੋਂ ਨਾਗਪੁਰ ਲਈ 60 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ। ਨਾਗਪੁਰ ਮੈਟਰੋ, ਏਮਸ, ਲਾਅ ਯੂਨੀਵਰਸਿਟੀ, ਆਈ. ਆਈ. ਐੱਮ., ਆਈ.ਆਈ. ਟੀ. ਅਤੇ ਕਈ ਹੋਰ ਇਕਾਈਆਂ ਨੂੰ ਇਸ ਖੇਤਰ ਵਿਚ ਸਥਾਪਿਤ ਕੀਤਾ। ਨਾਨਾ ਪਟੋਲੇ ਦੀ ਪਕੜ ਕੁਨਬੀ-ਮਰਾਠਾ ਵੋਟਾਂ ’ਤੇ ਹੈ। ਉਹ ਓ. ਬੀ. ਸੀ. ਭਾਈਚਾਰੇ ਨਾਲ ਸਬੰਧਤ ਹਨ। ਇਸ ਕਾਰਨ ਇਥੇ ਗਡਕਰੀ ਦੀ ਚੁਣੌਤੀ ਘੱਟ ਨਹੀਂ ਹੈ।
ਸਾਰੇ ਜਾਣਦੇ ਹਨ ਕਿ ਮਾਇਆਵਤੀ ਟਿਕਟਾਂ ਵੇਚਦੀ ਹੈ : ਸ਼ਿਵਪਾਲ ਸਿੰਘ ਯਾਦਵ
NEXT STORY