ਪਾਲਘਰ- ਸ਼ਿਵਸੈਨਾ ਦੀ ਠਾਣੇ ਇਕਾਈ ਦੇ ਇਕ ਆਗੂ ਦੇ 45 ਸਾਲਾ ਪੁੱਤਰ ਦੀ ਪਾਲਘਰ ਜ਼ਿਲ੍ਹੇ ਦੇ ਵਸਈ 'ਚ ਇਕ ਆਟੋ ਰਿਕਸ਼ਾ ਚਾਲਕ ਨਾਲ ਬਹਿਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਡਿਪਟੀ ਕਮਿਸ਼ਨਰ ਜਯੰਤ ਬਾਜਬਲੇ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਸ਼ਿਵ ਸੈਨਾ ਦੀ ਠਾਣੇ ਇਕਾਈ ਦੇ ਸਾਬਕਾ ਮੁਖੀ ਰਘੂਨਾਥ ਮੋਰੇ ਦੇ ਪੁੱਤਰ ਮਿਲਿੰਦ ਮੋਰੇ ਆਪਣੇ ਪਰਿਵਾਰ ਨਾਲ ਨਵਾਪੁਰ ਸਥਿਤ ਇਕ ਰਿਜ਼ਾਰਟ 'ਚ ਛੁੱਟੀਆਂ ਮਨਾ ਰਹੇ ਸਨ।
ਬਾਜਬਲੇ ਨੇ ਕਿਹਾ ਕਿ ਰਿਜ਼ਾਰਟ ਤੋਂ ਬਾਹਰ ਨਿਕਲਦੇ ਸਮੇਂ ਮਿਲਿੰਦ ਦਾ ਇਕ ਆਟੋ ਰਿਕਸ਼ਾ ਚਾਲਕ ਨਾਲ ਝਗੜਾ ਹੋ ਗਿਆ, ਜਿਸ ਦੌਰਾਨ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਡਾਕਟਰਾਂ ਨੇ ਮਿਲਿੰਦ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਪਹਿਲੇ ਨਜ਼ਰ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ। ਬਾਜਬਲੇ ਮੁਤਾਬਕ ਮਿਲਿੰਦ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ-105 (ਗੈਰ-ਇਰਾਤਦਨ ਕਤਲ) ਦੇ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਾਰਟੀ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿ ਮਿਲਿੰਦ ਸ਼ਿਵ ਸੈਨਾ ਦੀ ਠਾਣੇ ਇਕਾਈ ਦੇ ਉਪ ਪ੍ਰਧਾਨ ਸਨ।
ਲੋਕਾਂ ਨੂੰ 'ਜੁਗਾੜ' ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ
NEXT STORY