ਇੰਟਰਨੈਸ਼ਨਲ ਡੈਸਕ- 41 ਸਾਲਾਂ ਬਾਅਦ ਪੁਲਾੜ ਵੱਲ ਕਦਮ ਵਧਾਉਂਦੇ ਹੋਏ ਭਾਰਤ ਨੇ ਇਕ ਵਾਰ ਫ਼ਿਰ ਇਤਿਹਾਸ ਰਚ ਦਿੱਤਾ ਹੈ, ਜਦੋਂ ਸਪੇਸਐਕਸ ਦੇ ਐਕਸੀਓਮ-4 ਮਿਸ਼ਨ ਤਹਿਤ ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ 3 ਹੋਰ ਪੁਲਾੜ ਯਾਤਰੀਆਂ ਸਣੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਪਹੁੰਚੇ। ਇਨ੍ਹਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਬੀਤੇ ਦਿਨ ਦੁਪਹਿਰ 12.01 ਵਜੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨੇ ਨਾਸਾ ਦੇ ਕੈਨੇਡੀ ਸਪੇਸ ਸਟੇਸ਼ਨ ਤੋਂ ਉਡਾਣ ਭਰੀ ਸੀ, ਜੋ ਕਿ ਅੱਜ 28 ਘੰਟੇ ਦੀ ਲੰਬੀ ਉਡਾਣ ਮਗਰੋਂ ਪੁਲਾੜ 'ਚ ਸਥਿਤ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਪਹੁੰਚ ਗਿਆ ਹੈ।
ਡਾਕਿੰਗ ਪ੍ਰੋਸੈੱਸ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਹੀ ਸ਼ੁਭਾਂਸ਼ੂ ਤੇ ਬਾਕੀ ਯਾਤਰੀ ਰਾਕੇਟ 'ਚੋਂ ਨਿਕਲ ਕੇ ਸਪੇਸ ਸਟੇਸ਼ਨ 'ਚ ਚਲੇ ਜਾਣਗੇ। ਇਸ ਮਿਸ਼ਨ ਤਹਿਤ ਸ਼ੁਭਾਂਸ਼ੂ ਅਗਲੇ 14 ਦਿਨਾਂ ਤੱਕ ਪੁਲਾੜ 'ਚ ਰਹਿਣਗੇ। ਭਾਰਤੀ ਸੂਬੇ ਉੱਤਰ ਪ੍ਰਦੇਸ਼ 'ਚ ਲਖਨਊ ਦੇ ਰਹਿਣ ਵਾਲੇ ਸ਼ੁਭਾਂਸ਼ੂ ਨੇ ਯਾਤਰਾ ਦੌਰਾਨ ਪਹਿਲਾ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਇਹ ਇਕ ਯਾਦਗਾਰ ਪਲ ਹੈ। ਅਸੀਂ 41 ਸਾਲਾਂ ਬਾਅਦ ਪੁਲਾੜ 'ਚ ਪਹੁੰਚੇ ਹਾਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਬਣੇ ਸਨ, ਜਿਨ੍ਹਾਂ ਨੇ 3 ਅਪ੍ਰੈਲ 1984 ਨੂੰ ਪੁਲਾੜ ਯਾਤਰਾ ਕੀਤੀ ਸੀ। ਇਸ ਤੋਂ ਇਲਾਵਾ ਸ਼ੁਭਾਂਸ਼ੂ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਇਸ ਰਾਕੇਟ ਰਾਹੀਂ ਸ਼ੁਭਾਂਸ਼ੂ ਦੇ ਨਾਲ-ਨਾਲ ਨਾਸਾ ਦੇ ਪੈਗੀ ਵਿਟਸਨ, ਯੂਰੋਪੀਅਨ ਸਪੇਸ ਏਜੰਸੀ ਤੋਂ ਪੋਲੈਂਡ ਦੇ ਸਲਾਵੋਜ਼ ਯੁਜ਼ਨਾਸਕੀ ਤੇ ਹੰਗਰੀ ਦੇ ਤਿਬੋਰ ਕਾਪੂ ਵੀ ਆਈ.ਐੱਸ.ਐੱਸ. ਪਹੁੰਚੇ ਹਨ।
ਇਸ ਮਿਸ਼ਨ ਦੌਰਾਨ ਨਾਸਾ ਦੀ ਪੈਗੀ ਵਿਟਸਨ ਤੋਂ ਬਾਅਦ ਸ਼ੁਭਾਂਸ਼ੂ ਸੈਕਿੰਡ ਚੀਫ਼ ਇਨ ਕਮਾਂਡ ਹੋਣਗੇ। ਪੈਗੀ ਜਿੱਥੇ ਇਸ ਮਿਸ਼ਨ ਦੇ ਕਮਾਂਡਰ ਹਨ, ਉੱਥੇ ਹੀ ਸ਼ੁਭਾਂਸ਼ੂ ਇਸ ਮਿਸ਼ਨ ਦੇ ਮੇਨ ਪਾਇਲਟ ਸਨ ਤੇ ਇਨ੍ਹਾਂ ਯਾਤਰੀਆਂ ਨੂੰ ਆਈ.ਐੱਸ.ਐੱਸ. 'ਤੇ ਲੈ ਕੇ ਜਾਣਾ ਤੇ ਸੁਰੱਖਿਅਤ ਲੈਂਡ ਕਰਵਾਉਣਾ ਸ਼ੁਭਾਂਸ਼ੂ ਦੀ ਜ਼ਿੰਮੇਵਾਰੀ ਰਹੀ, ਜਦਕਿ ਸਲਾਵੋਜ਼ ਤੇ ਤਿਹੋਰ ਮਿਸ਼ਨ ਸਪੈਸ਼ਲਿਸਟ ਹਨ। ਉੱਥੇ ਰਹਿਣ ਦੇ 14 ਦਿਨਾਂ ਦੇ ਦੌਰਾਨ ਸ਼ੁਭਾਂਸ਼ੂ ਉੱਥੇ ਆਪਣੇ ਨਾਲ ਲੈ ਕੇ ਗਏ ਉਪਕਰਨਾਂ ਤੇ ਜੀਵਾਣੂਆਂ ਨਾਲ ਵੱਖ-ਵੱਖ ਪ੍ਰਯੋਗ ਕਰਨਗੇ, ਜੋ ਕਿ ਭਾਰਤ ਦੇ ਪਹਿਲੇ ਸਪੇਸ ਮਿਸ਼ਨ 'ਗਗਨਯਾਨ' ਦੌਰਾਨ ਭਾਰਤ ਦੀ ਸਹਾਇਤਾ ਕਰਨਗੇ।
Ax-4 Mission | Approach & Docking https://t.co/LVU8NJnypm
— Axiom Space (@Axiom_Space) June 26, 2025
ਇਹ ਵੀ ਪੜ੍ਹੋ- ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੈਮ ਤੋਂ ਛੱਡਿਆ ਜਾ ਰਿਹਾ ਪਾਣੀ, ਬਿਆਸ ਦਰਿਆ ਨੇੜੇ ਨਾ ਜਾਣ ਦੀ ਸਲਾਹ
NEXT STORY