ਬੈਂਗਲੁਰੂ- ਕਰਨਾਟਕ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਲਈ ਕਾਂਗਰਸ 'ਚ ਘਮਾਸਾਨ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਮੁੱਖ ਮੰਤਰੀ ਬਣਨ ਦੀ ਮੁੜ ਤੋਂ ਇੱਛਾ ਜਤਾਈ ਹੈ, ਜਦਕਿ ਇਸ ਅਹੁਦੇ ਦੇ ਦਾਅਵੇਦਾਰਾਂ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ਿਵਕੁਮਾਰ ਅਤੇ ਕੁਝ ਹੋਰ ਨੇਤਾ ਵੀ ਸ਼ਾਮਲ ਹਨ। ਸਿੱਧਰਮਈਆ ਨੇ ਇਕ ਰਾਸ਼ਟਰੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਂ ਵੀ ਮੁੱਖ ਮੰਤਰੀ ਅਹੁਦੇ ਦਾ ਚਾਹਵਾਨ ਹਾਂ। ਡੀ. ਕੇ. ਸ਼ਿਵਕੁਮਾਰ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ।
ਸਿੱਧਰਮਈਆ ਨੇ ਕਿਹਾ ਕਿ ਲੋਕਤੰਤਰ ਵਿਚ ਮੁੱਖ ਮੰਤਰੀ ਬਣਨ ਦੀ ਇੱਛਾ ਪਾਲਣ ਵਿਚ ਕੁਝ ਵੀ ਗਲਤ ਨਹੀਂ ਹੈ ਪਰ ਫ਼ੈਸਲਾ ਪਾਰਟੀ ਆਲਾਕਮਾਨ ਅਤੇ ਕਰਨਾਟਕ ਕਾਂਗਰਸ ਵਿਧਾਇਕ ਦਲ ਵਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ 'ਤੇ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਇਹ ਚੀਜ਼ਾਂ ਹੋ ਰਹੀਆਂ ਹਨ ਅਤੇ ਹੁੰਦੀਆਂ ਹਨ। ਇਸ ਵਿਚ ਕੁਝ ਗਲਤ ਨਹੀਂ ਹੈ।
ਡੀ. ਕੇ. ਸ਼ਿਵਕੁਮਾਰ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਜੇਕਰ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ, ਉਹ ਵੀ ਗਲਤ ਨਹੀਂ ਹੈ। ਟਿਕਟ ਵੰਡ ਨੂੰ ਲੈ ਕੇ ਵੀ ਹੋੜ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਦੋਵੇਂ ਨੇਤਾ ਅਗਲੀ ਸੂਚੀ 'ਚ ਇਕ-ਦੂਜੇ ਦੇ ਉਮੀਦਵਾਰਾਂ ਨੂੰ ਸ਼ਾਮਲ ਕਰਨ ਦਾ ਵਿਰੋਧ ਕਰ ਰਹੇ ਹਨ। ਕਾਂਗਰਸ ਲਈ ਇਸ ਨੂੰ ਹੋਰ ਵੀ ਬਦਤਰ ਬਣਾਉਣ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਆਪਣੇ ਉਮੀਦਵਾਰਾਂ ਨੂੰ ਸ਼ਾਮਲ ਕਰਨ ਦੀ ਹੋੜ 'ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 13 ਮਈ ਨੂੰ ਆਉਣਗੇ।
ਤੋਹਫ਼ੇ 'ਚ ਮਿਲੇ ਹੋਮ ਥੀਏਟਰ 'ਚ ਜ਼ਬਰਦਸਤ ਧਮਾਕਾ; ਲਾੜੇ ਦੀ ਮੌਤ, 3 ਦਿਨ ਪਹਿਲਾਂ ਹੋਇਆ ਸੀ ਵਿਆਹ
NEXT STORY