ਨਵੀਂ ਦਿੱਲੀ— ਦਿੱਲੀ ਦੇ ਸਪੈਸ਼ਲ ਕਮਿਸ਼ਨਰ (ਲਾਅ ਐਂਡ ਆਰਡਰ) ਐੱਸ.ਐੱਨ. ਸ਼੍ਰੀਵਾਸਤਵ ਨੂੰ ਦਿੱਲੀ ਦਾ ਨਵਾਂ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਐੱਸ.ਐੱਨ. ਸ਼੍ਰੀਵਾਸਤਵ ਨੂੰ ਪੁਲਸ ਕਮਿਸ਼ਨਰ ਬਣਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਬਾਅਦ ਉੱਪ ਰਾਜਪਾਲ ਅਨਿਲ ਬੈਜਲ ਨੇ ਆਦੇਸ਼ ਜਾਰੀ ਕਰ ਦਿੱਤਾ ਹੈ। ਸ਼੍ਰੀਵਾਸਤਵ ਇਕ ਮਾਰਚ ਤੋਂ ਚਾਰਜ ਸੰਭਾਲ ਲੈਣਗੇ।
ਅਮੁੱਲਯ ਪਟਨਾਇਕ 29 ਫਰਵਰੀ ਨੂੰ ਰਿਟਾਇਰ ਹੋ ਰਹੇ ਹਨ
ਦਿੱਲੀ ਦੇ ਮੌਜੂਦਾ ਪੁਲਸ ਕਮਿਸ਼ਨਰ ਅਮੁੱਲਯ ਪਟਨਾਇਕ 29 ਫਰਵਰੀ ਨੂੰ ਰਿਟਾਇਰ ਹੋ ਰਹੇ ਹਨ। 1985 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਐੱਸ.ਐੱਨ. ਸ਼੍ਰੀਵਾਸਤਵ ਹਾਲੇ ਤੱਕ ਸੀ.ਆਰ.ਪੀ.ਐੱਫ. (ਟਰੇਨਿੰਗ) ਜੰਮੂ-ਕਸ਼ਮੀਰ ’ਚ ਤਾਇਨਾਤ ਸਨ। ਦਿੱਲੀ ਹਿੰਸਾ ਦਰਮਿਆਨ ਉਨ੍ਹਾਂ ਨੂੰ ਸੀ.ਆਰ.ਪੀ.ਐੱਫ. ਤੋਂ ਬੁਲਾ ਕੇ ਦਿੱਲੀ ਦਾ ਸਪੈਸ਼ਲ ਕਮਿਸ਼ਨਰ (ਲਾਅ ਐਂਡ ਆਰਡਰ) ਬਣਾਇਆ ਗਿਆ ਸੀ।
ਸ਼੍ਰੀਵਾਸਤਵ ਨੇ ਆਈ.ਪੀ.ਐੱਲ. ਮੈਚ ’ਚ ਫਿਕਸਿੰਗ ਦਾ ਖੁਲਾਸਾ ਕੀਤਾ ਸੀ
ਸ਼੍ਰੀਵਾਸਤਵ ਦੀ ਗਿਣਤੀ ਦਿੱਲੀ ਦੇ ਤੇਜ਼ ਤਰਾਰ ਅਫ਼ਸਰਾਂ ’ਚ ਹੁੰਦੀ ਹੈ। ਇਸ ਤੋਂ ਪਹਿਲਾਂ ਵੀ ਉਹ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ’ਚ ਰਹਿ ਚੁਕੇ ਹਨ। ਸਪੈਸ਼ਲ ਸੈੱਲ ’ਚ ਰਹਿੰਦੇ ਹੋਏ ਉਨ੍ਹਾਂ ਨੇ ਦਿੱਲੀ ’ਚ ਆਈ.ਪੀ.ਐੱਲ. ਮੈਚ ’ਚ ਫਿਕਸਿੰਗ ਦਾ ਖੁਲਾਸਾ ਕੀਤਾ ਸੀ। ਉਦੋਂ ਉਹ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ’ਚ ਵਿਸ਼ੇਸ਼ ਪੁਲਸ ਕਮਿਸ਼ਨਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਚਲਾਇਆ ਸੀ ਆਪਰੇਸ਼ਨ ਆਲ ਆਊਟ
2 ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਸਪੈਸ਼ਲ ਡੀ.ਜੀ. ਰਹੇ ਐੱਸ.ਐੱਨ. ਸ਼੍ਰੀਵਾਸਤਵ ਨੂੰ ਆਪਰੇਸ਼ਨ ਆਲ ਆਊਟ ਲਈ ਵੀ ਜਾਣਿਆ ਜਾਂਦਾ ਹੈ। ਸ਼੍ਰੀਵਾਸਤਵ ਨੂੰ ਕਸ਼ਮੀਰ ’ਚ ਆਤੰਕ ਦੇ ਖਾਤਮੇ ਦਾ ਕੰਮ ਸੌਂਪਿਆ ਗਿਆ ਸੀ। 2017 ’ਚ ਉਨ੍ਹਾਂ ਨੇ ਕਈ ਐਂਟੀ ਟੈਰਰ ਆਪਰੇਸ਼ਨਜ਼ ਚਲਾਏ ਸਨ। ਇਨ੍ਹਾਂ ’ਚੋਂ ਆਪਰੇਸ਼ਨ ਆਲ ਆਊਟ ਵੀ ਸੀ, ਜਿਨ੍ਹਾਂ ’ਚ ਹਿਜ਼ਬੁਲ ਦੇ ਕਈ ਟਾਪ ਕਮਾਂਡਰਜ਼ ਨੂੰ ਮਾਰ ਸੁੱਟਿਆ ਗਿਆ ਸੀ।
ਰਿਟਾਇਰਮੈਂਟ ਤੋਂ ਪਹਿਲਾਂ ਦਿੱਲੀ ’ਚ ਹਿੰਸਾ ਭੜਕੀ
ਦਿੱਲੀ ਦੇ ਮੌਜੂਦਾ ਪੁਲਸ ਕਮਿਸ਼ਨ ਅਮੁੱਲਯ ਪਟਨਾਇਕ ਕੱਲ ਯਾਨੀ ਸ਼ਨੀਵਾਰ ਨੂੰ ਰਿਟਾਇਰ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਜਨਵਰੀ ’ਚ ਰਿਟਾਇਰ ਹੋਣਾ ਸੀ ਪਰ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਉਨ੍ਹਾਂ ਦਾ ਕਾਰਜਕਾਲ ਇਕ ਮਹੀਨੇ ਲਈ ਵਧਾ ਦਿੱਤਾ ਗਿਆ ਸੀ। ਅਮੁੱਲਯ ਪਟਨਾਇਕ ਦੇ ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲਾਂ ਹੀ ਦਿੱਲੀ ’ਚ ਹਿੰਸਾ ਭੜਕ ਉੱਠੀ, ਜਿਸ ਦੀ ਲਪੇਟ ’ਚ ਆਉਣ ਨਾਲ ਹੁਣ ਤੱਕ 39 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਗੁਰੂ ਨਾਨਕ ਦੇਵ ਜੀ ਦੀ ਡਾਕੂਮੈਂਟਰੀ ਦਾ ਪ੍ਰੀਮੀਅਰ ਦਿੱਲੀ 'ਚ ਆਯੋਜਿਤ (ਤਸਵੀਰਾਂ)
NEXT STORY