ਮੁੰਬਈ (ਏਜੰਸੀ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਨੇ ਹਾਲ ਹੀ ਵਿੱਚ ਆਪਣੀ ਪੁਰਾਣੀ ਦੋਸਤ ਅਤੇ 'ਡਰੀਮ ਗਰਲ' ਹੇਮਾ ਮਾਲਿਨੀ ਦੇ ਦਿੱਲੀ ਸਥਿਤ ਨਵੇਂ ਘਰ ਦਾ ਦੌਰਾ ਕੀਤਾ। ਇਸ ਮੁਲਾਕਾਤ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਪਰਿਵਾਰਕ ਦੋਸਤ ਦੀ ਨਿੱਘੀ ਮਹਿਮਾਨਨਿਵਾਜ਼ੀ
ਵੀਰਵਾਰ ਨੂੰ ਸ਼ਤਰੂਘਨ ਸਿਨਹਾ ਨੇ ਆਪਣੇ 'X' (ਪਹਿਲਾਂ ਟਵਿੱਟਰ) ਹੈਂਡਲ 'ਤੇ ਹੇਮਾ ਮਾਲਿਨੀ ਨਾਲ ਮੁਲਾਕਾਤ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਨੋਟ ਲਿਖਿਆ। ਉਨ੍ਹਾਂ ਲਿਖਿਆ, "ਸਾਡੀ ਪਿਆਰੀ ਪਰਿਵਾਰਕ ਮਿੱਤਰ ਅਤੇ ਮਹਾਨ ਸ਼ਖਸੀਅਤ ਹੇਮਾ ਮਾਲਿਨੀ ਜੀ ਦੇ ਦਿੱਲੀ ਵਾਲੇ ਨਵੇਂ ਘਰ ਜਾ ਕੇ ਬਹੁਤ ਖੁਸ਼ੀ ਹੋਈ। ਉੱਥੇ ਬਹੁਤ ਹੀ ਨਿੱਘ ਨਾਲ ਸਵਾਗਤ ਕੀਤਾ ਗਿਆ ਅਤੇ ਸੁਆਦੀ ਦੱਖਣੀ ਭਾਰਤੀ ਪਕਵਾਨਾਂ ਦਾ ਅਨੰਦ ਲੈਣਾ ਇੱਕ ਯਾਦਗਾਰ ਅਨੁਭਵ ਰਿਹਾ।"
ਹੇਮਾ ਮਾਲਿਨੀ ਦੀ ਕੀਤੀ ਤਾਰੀਫ਼
ਸ਼ਤਰੂਘਨ ਸਿਨਹਾ ਨੇ ਹੇਮਾ ਮਾਲਿਨੀ ਦੀ ਮਹਿਮਾਨਨਿਵਾਜ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੇਮਾ ਹਮੇਸ਼ਾ ਦੀ ਤਰ੍ਹਾਂ ਇੱਕ ਬਹੁਤ ਹੀ ਪਿਆਰੀ ਅਤੇ ਦੇਖਭਾਲ ਕਰਨ ਵਾਲੀ ਮੇਜ਼ਬਾਨ ਸਾਬਤ ਹੋਈ। ਉਨ੍ਹਾਂ ਨੇ ਇਸ ਸਮੇਂ ਨੂੰ ਬੇਹੱਦ ਖ਼ੁਸ਼ਗਵਾਰ ਦੱਸਿਆ ਅਤੇ ਹੇਮਾ ਮਾਲਿਨੀ ਨੂੰ ਉਨ੍ਹਾਂ ਦੇ ਨਵੇਂ ਘਰ ਦੇ ਮੁਕੰਮਲ ਹੋਣ 'ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਸ਼ਤਰੂਘਨ ਸਿਨਹਾ ਅਤੇ ਹੇਮਾ ਮਾਲਿਨੀ ਨੇ ਫ਼ਿਲਮੀ ਪਰਦੇ 'ਤੇ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ ਅਤੇ ਅਸਲ ਜ਼ਿੰਦਗੀ ਵਿੱਚ ਵੀ ਦੋਵਾਂ ਪਰਿਵਾਰਾਂ ਦੇ ਸਬੰਧ ਬਹੁਤ ਪੁਰਾਣੇ ਤੇ ਗੂੜ੍ਹੇ ਹਨ।
ਬਾਲਾਜੀ ਮੋਸ਼ਨ ਪਿਕਚਰਜ਼ ਵੱਲੋਂ ‘ਰਾਗਿਨੀ 3’ ਦਾ ਐਲਾਨ, ਤਮੰਨਾ ਭਾਟੀਆ ਤੇ ਜੁਨੈਦ ਖਾਨ ਦੀ ਜੋੜੀ ਮਚਾਏਗੀ ਧਮਾਲ
NEXT STORY