ਮਨਾਲੀ/ਸ਼ਿਮਲਾ (ਸੋਨੂੰ, ਰਾਜੇਸ਼) - ਹਿਮਾਚਲ ’ਚ ਮੌਸਮ ਫਿਰ ਤੋਂ ਸੁਹਾਵਣਾ ਹੋ ਗਿਆ ਹੈ। ਸੈਲਾਨੀ ਸ਼ਹਿਰ ਮਨਾਲੀ ਤੇ ਲਾਹੌਲ ’ਚ ਪਿਛਲੇ 6 ਦਿਨਾਂ ਤੋਂ ਬਰਫ਼ਬਾਰੀ ਜਾਰੀ ਹੈ। ਰੋਹਤਾਂਗ ਦੱਰੇ ’ਤੇ ਪਿਛਲੇ ਇਕ ਹਫਤੇ ਤੋਂ ਬਰਫ ਪੈ ਰਹੀ ਹੈ। ਇਸ ਸਮੇ ਦੌਰਾਨ ਰੋਹਤਾਂਗ ਦੱਰਾ, ਬਾਰਾਲਾਚਾ, ਸ਼ਿੰਕੁਲਾ ਤੇ ਕੁੰਜਮ ਦੱਰੇ ’ਚ 6 ਫੁੱਟ ਤੱਕ ਬਰਫ਼ਬਾਰੀ ਹੋਈ ਹੈ।
ਇਸ ਤੋਂ ਇਲਾਵਾ ਕੋਕਸਰ, ਅਟਲ ਟਨਲ ਦੇ ਦੋਹਾਂ ਸਿਰਿਆਂ, ਸਿਸੂ, ਗੋਂਡਲਾ, ਯੋਚੇ, ਰਾੜੀ, ਦਰਚਾ ਤੇ ਜਿਸਪਾਹ ’ਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਕਾਰਨ ਸੂਬੇ ਦੀਆਂ 300 ਸੜਕਾਂ ਬੰਦ ਹੋ ਗਈਆਂ ਹਨ। ਇਨ੍ਹਾਂ ’ਚ ਲਾਹੌਲ-ਸਪਿਤੀ, ਕਿੰਨੌਰ, ਕੁੱਲੂ, ਚੰਬਾ ਤੇ ਸ਼ਿਮਲਾ ਜ਼ਿਲਿਆਂ ਦੀਆਂ ਕਈ ਸੜਕਾਂ ਵੀ ਸ਼ਾਮਲ ਹਨ। ਸ਼ਿਮਲਾ-ਰਾਮਪੁਰ ਰਾਸ਼ਟਰੀ ਰਾਜਮਾਰਗ-5 ਨਾਰਕੰਡਾ ਵਿਖੇ ਬੰਦ ਹੈ। ਇਸ ਕਾਰਨ ਵਾਹਨਾਂ ਨੂੰ ਸੁੰਨੀ-ਸੈਂਜ ਰਾਹੀਂ ਭੇਜਿਆ ਜਾ ਰਿਹਾ ਹੈ।
ਲਾਹੌਲ-ਸਪਿਤੀ ’ਚ ਵੀ ਬਰਫ਼ਬਾਰੀ ਕਾਰਨ ਵਾਹਨਾਂ ਦੀ ਆਵਾਜਾਈ ’ਚ ਵਿਘਨ ਪਿਆ ਹੈ। ਸਿਸੂ 6 ਦਿਨਾਂ ਬਾਅਦ ਮਨਾਲੀ ਨਾਲ ਜੁੜਿਆ ਹੈ। ਬੀ. ਆਰ. ਓ. ਵੱਲੋਂ ਇਸ ਰੂਟ ਨੂੰ ਇਕ ਪਾਸੇ ਵਾਹਨਾਂ ਦੀ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ।
ਵਾਦੀ ’ਚ ਬਰਫ਼ਬਾਰੀ ਤੇ ਮੀਂਹ ਜਾਰੀ
ਸ੍ਰੀਨਗਰ : ਕਸ਼ਮੀਰ ਦੇ ਕੁਝ ਉੱਚੇ ਇਲਾਕਿਆਂ ’ਚ ਮੰਗਲਵਾਰ ਤਾਜ਼ਾ ਬਰਫ਼ਬਾਰੀ ਹੋਈ। ਵਾਦੀ ਦੇ ਵੱਡੇ ਹਿੱਸੇ ’ਚ ਮੀਂਹ ਪਿਆ। ਬਾਰਾਮੁੱਲਾ ਦੇ ਕੁਝ ਇਲਾਕਿਆਂ ਦੇ ਨਾਲ-ਨਾਲ ਗੁਲਮਰਗ, ਪਹਿਲਗਾਮ, ਸੋਨਮਰਗ, ਕੋਕਰਨਾਗ, ਕੁਪਵਾੜਾ ਤੇ ਹੋਰ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਈ।
ਕਸ਼ਮੀਰ ਵਾਦੀ ’ਚ ਕਈ ਥਾਵਾਂ ’ਤੇ ਬਰਫ਼ਬਾਰੀ ਹੋਣ ਤੇ ਮੀਂਹ ਪੈਣ ਤੋਂ ਬਾਅਦ ਮੰਗਲਵਾਰ ਮੌਸਮ ’ਚ ਸੁਧਾਰ ਹੋਇਆ। ਗੁਲਮਰਗ ਸਕੀ ਰਿਜ਼ਾਰਟ ਵਿਖੇ 30 ਸੈ. ਮੀ. ਬਰਫ਼ਬਾਰੀ ਹੋਈ। ਪਹਿਲਗਾਮ, ਕੋਕਰਨਾਗ ਤੇ ਕੁਪਵਾੜਾ ਦੇ ਸੈਲਾਨੀ ਕੇਂਦਰਾਂ 'ਤੇ ਹਲਕੀ ਬਰਫ਼ਬਾਰੀ ਹੋਈ। ਸ਼੍ਰੀਨਗਰ ਤੇ ਵਾਦੀ ਦੇ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪਿਆ।
ਕਾਨਪੁਰ 'ਚ ਮੁਸਲਿਮ ਔਰਤ ਨਾਲ ਛੇੜਛਾੜ ਦੇ ਮੁਲਜ਼ਮ ਦੇ ਹਿੰਦੂ ਹੋਣ ਦਾ ਦਾਅਵਾ ਗ਼ਲਤ ਹੈ
NEXT STORY