ਮਥੁਰਾ - ਵਰਿੰਦਾਵਨ ਕੋਤਵਾਲੀ ਖੇਤਰ ਦੀ ਗੌਰਾ ਨਗਰ ਕਲੋਨੀ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਦੁਖਦਾਈ ਘਟਨਾ ਵਾਪਰੀ। ਸ਼ਰਾਬ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪ੍ਰਸਿੱਧ ‘ਦਿਨੇਸ਼ ਬੀੜੀ’ ਅਤੇ ‘555 ਬੀੜੀ’ ਬ੍ਰਾਂਡਾਂ ਦੇ ਮਾਲਕ ਸੁਰੇਸ਼ ਚੰਦਰ ਅਗਰਵਾਲ (76) ਦਾ ਉਨ੍ਹਾਂ ਦੇ ਪੁੱਤਰ ਨਰੇਸ਼ ਅਗਰਵਾਲ (47) ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਨਰੇਸ਼ ਨੇ ਵੀ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ, ਨਰੇਸ਼ ਸ਼ਰਾਬ ਦਾ ਆਦੀ ਸੀ ਅਤੇ ਉਸਦਾ ਪਿਤਾ ਅਕਸਰ ਉਸਨੂੰ ਝਿੜਕਦਾ ਰਹਿੰਦਾ ਸੀ। ਸ਼ੁੱਕਰਵਾਰ ਰਾਤ ਨੂੰ ਸੁਰੇਸ਼ ਚੰਦਰ ਨੇ ਨਰੇਸ਼ ਨੂੰ ਸ਼ਰਾਬ ਪੀਣ ਤੋਂ ਰੋਕਿਆ, ਜਿਸ ਕਾਰਨ ਉਹ ਗੁੱਸੇ ਵਿਚ ਆ ਗਿਆ ਅਤੇ ਉਸਨੇ ਆਪਣੇ ਲਾਇਸੈਂਸੀ 32 ਬੋਰ ਦੇ ਪਿਸਤੌਲ ਨਾਲ ਆਪਣੇ ਪਿਤਾ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ। ਬਾਅਦ ਵਿਚ ਪਛਤਾਵੇ ਨਾਲ ਭਰੇ ਨਰੇਸ਼ ਨੇ ਉਸੇ ਪਿਸਤੌਲ ਨਾਲ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਗੋਲੀ ਚੱਲਣ ਦੀ ਆਵਾਜ਼ ਸੁਣਕੇ ਪਰਿਵਾਰਕ ਮੈਂਬਰ ਪਹੁੰਚੇ, ਪਰ ਓਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ’ਤੇ ਵਰਿੰਦਾਵਨ ਕੋਤਵਾਲੀ ਪੁਲਸ, ਸੀ. ਓ. ਸਦਰ ਸੰਦੀਪ ਕੁਮਾਰ ਸਿੰਘ ਅਤੇ ਫੋਰੈਂਸਿਕ ਟੀਮ ਮੌਕੇੇ ’ਤੇ ਪਹੁੰਚੀ। ਘਟਨਾ ਸਥਾਨ ਤੋਂ ਇਕ ਲਾਇਸੈਂਸੀ ਰਿਵਾਲਵਰ, 3 ਖਾਲੀ ਕਾਰਤੂਸ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਜਾਰੀ ਹੈ।
ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ’ਚ ਫੈਲਿਆ ਹੋਇਆ ਹੈ ਕਾਰੋਬਾਰ
ਸੁਰੇਸ਼ ਚੰਦਰ ਅਗਰਵਾਲ ਵਰਿੰਦਾਵਨ ਦੇ ਪ੍ਰਮੁੱਖ ਬੀੜੀ ਕਾਰੋਬਾਰੀਆਂ ਵਿਚੋਂ ਇਕ ਸਨ। ਉਨ੍ਹਾਂ ਨੇ ਆਪਣੇ ਵੱਡੇ ਬੇਟੇ ਦੇ ਨਾਂ ’ਤੇ ‘ਦਿਨੇਸ਼ ਬੀੜੀ’ ਬ੍ਰਾਂਡ ਸ਼ੁਰੂ ਕੀਤਾ ਸੀ ਜੋ ਅੱਗੇ ਚੱਲ ਕੇ ‘555 ਬੀੜੀ’ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਉਨ੍ਹਾਂ ਕਾਰੋਬਾਰ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਵਿਚ ਫੈਲਿਆ ਹੋਇਆ ਹੈ। ਪਰਿਵਾਰ ਵਿਚ ਪਤਨੀ ਆਸ਼ਾ, 3 ਬੇਟੇ ਦਿਨੇਸ਼, ਨਰੇਸ਼ ਅਤੇ ਮਹੇਸ਼ ਅਤੇ ਨੂੰਹਾਂ ਤੇ ਬੱਚੇ ਸ਼ਾਮਲ ਹਨ। ਪਰਿਵਾਰ ਦਾ ਵੱਡਾ ਬੇਟਾ ਦਿਨੇਸ਼ ਕੋਲਕਾਤਾ ਵਿਚ ਫੈਕਟਰੀ ਸੰਭਾਲਦਾ ਹੈ, ਜਦਕਿ ਮਹੇਸ਼ ਅਤੇ ਨਰੇਸ਼ ਵਰਿੰਦਾਵਨ ਵਿਚ ਕਾਰੋਬਾਰ ਦੇਖਦੇ ਸਨ।
ਨਕਸਲਵਾਦੀ ਤੇ ਮਾਓਵਾਦੀ ਦਹਿਸ਼ਤ ਨੂੰ ਖਤਮ ਕਰਨ ਵੱਲ ਵਧ ਰਿਹੈ ਭਾਰਤ : ਮੋਦੀ
NEXT STORY