ਜੰਮੂ (ਰੋਸ਼ਨੀ) - ਜੰਮੂ-ਕਸ਼ਮੀਰ ’ਚ ‘ਚਿੱਲੇ ਕਲਾਂ’ ਦੌਰਾਨ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਬੀਤੀ ਰਾਤ ਸ਼੍ਰੀਨਗਰ ’ਚ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ, ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਘਾਟੀ ’ਚ ਪਾਣੀ ਦੇ ਨਲਕੇ, ਸੜਕਾਂ ’ਤੇ ਜਮ੍ਹਾ ਪਾਣੀ ਅਤੇ ਛੋਟੇ-ਛੋਟੇ ਜਲ ਸ੍ਰੋਤ ਪੂਰੀ ਤਰ੍ਹਾਂ ਜੰਮ ਗਏ ਹਨ।
ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 7.2 ਡਿਗਰੀ ਅਤੇ ਪਹਿਲਗਾਮ ’ਚ ਮਨਫੀ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਡਵੀਜ਼ਨ ਵੀ ਠੰਢ ਦੀ ਲਪੇਟ ’ਚ ਹੈ, ਜਿੱਥੇ ਜੰਮੂ ਸ਼ਹਿਰ ’ਚ ਘੱਟੋ-ਘੱਟ ਤਾਪਮਾਨ 5.6 ਡਿਗਰੀ, ਕਟੜਾ ’ਚ 3.5 ਡਿਗਰੀ, ਬਟੋਤ ’ਚ 1 ਡਿਗਰੀ, ਬਨਿਹਾਲ ’ਚ ਮਨਫੀ 0.9 ਡਿਗਰੀ ਅਤੇ ਭਦਰਵਾਹ ’ਚ ਮਨਫੀ 3.4 ਡਿਗਰੀ ਸੈਲਸੀਅਸ ਰਿਹਾ।
ਚਿੱਲੇ ਕਲਾਂ ਦਾ ਅੱਧਾ ਸਮਾਂ ਬੀਤ ਚੁੱਕਾ ਹੈ ਪਰ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਅਜੇ ਤੱਕ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਹੀਂ ਹੋਈ ਹੈ। ਖੇਤੀਬਾੜੀ, ਬਾਗ਼ਬਾਨੀ ਅਤੇ ਪੀਣ ਵਾਲੇ ਪਾਣੀ ਦੇ ਸ੍ਰੋਤ ਪਹਾੜਾਂ ’ਚ ਹੋਣ ਵਾਲੀ ਭਾਰੀ ਬਰਫ਼ਬਾਰੀ ’ਤੇ ਨਿਰਭਰ ਹਨ। ਮੌਸਮ ਵਿਭਾਗ ਅਨੁਸਾਰ 20 ਜਨਵਰੀ ਤੱਕ ਆਮ ਤੌਰ ’ਤੇ ਠੰਢਾ ਅਤੇ ਖੁਸ਼ਕ ਮੌਸਮ ਬਣਿਆ ਰਹੇਗਾ, ਸਿਰਫ਼ ਉਚਾਈ ਵਾਲੇ ਇਲਾਕਿਆਂ ’ਚ ਕਦੇ-ਕਦੇ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਲੰਬੇ ਖੁਸ਼ਕ ਮੌਸਮ ਕਾਰਨ ਜਲ ਸ੍ਰੋਤਾਂ ’ਚ ਪਾਣੀ ਦੀ ਕਮੀ ਦਾ ਖਦਸ਼ਾ ਵਧ ਗਿਆ ਹੈ।
ਜੰਮੂ ਡਵੀਜ਼ਨ ’ਚ 13 ਜਨਵਰੀ ਤੱਕ ਯੈਲੋ ਅਲਰਟ
ਜੰਮੂ ਡਵੀਜ਼ਨ ’ਚ ਵੀ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਖ਼ਰਾਬ ਮੌਸਮ ਨੂੰ ਦੇਖਦੇ ਹੋਏ ਜੰਮੂ ਡਵੀਜ਼ਨ ’ਚ 13 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਪਹਿਲਾਂ 11 ਜਨਵਰੀ ਤੱਕ ਦੱਸਿਆ ਗਿਆ ਸੀ ਪਰ ਹੁਣ ਇਸ ਨੂੰ 13 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ।
ਬੈਂਗਲੁਰੂ ’ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
NEXT STORY