ਨੈਸ਼ਨਲ ਡੈਸਕ : ਹਰਿਆਣਾ ਦੇ ਪੰਚਕੂਲਾ ਸਥਿਤ ਸਿਵਲ ਹਸਪਤਾਲ ਵਿੱਚ ਇੱਕ ਨਰਸਿੰਗ ਅਫ਼ਸਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਬੈਨੀਵਾਲ ਵਜੋਂ ਹੋਈ ਹੈ, ਜੋ ਐਤਵਾਰ ਦੇਰ ਰਾਤ ਡਿਊਟੀ ਦੌਰਾਨ ਆਈਸੀਯੂ (ICU) ਵਿੱਚ ਮ੍ਰਿਤਕ ਪਾਈ ਗਈ। ਇਸ ਘਟਨਾ ਨੇ ਹਸਪਤਾਲ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਟੋਰ ਕੋਲ ਫਰਸ਼ 'ਤੇ ਪਈ ਮਿਲੀ ਲਾਸ਼
ਸੂਤਰਾਂ ਅਨੁਸਾਰ ਪ੍ਰੀਤੀ ਰਾਤ ਦੀ ਡਿਊਟੀ 'ਤੇ ਤਾਇਨਾਤ ਸੀ। ਜਦੋਂ ਅਗਲੀ ਸ਼ਿਫਟ ਦੇ ਕਰਮਚਾਰੀ ਡਿਊਟੀ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਉਸ ਨੂੰ ਸਟੋਰ ਏਰੀਏ ਦੇ ਕੋਲ ਫਰਸ਼ 'ਤੇ ਡਿੱਗੀ ਹੋਈ ਦੇਖਿਆ। ਹਸਪਤਾਲ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮੋਬਾਈਲ ਫੋਨ ਗਾਇਬ ਹੋਣ ਨਾਲ ਵਧਿਆ ਸ਼ੱਕ
ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਮੌਤ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਤੱਕ ਹੋਰ ਸਟਾਫ ਨੇ ਪ੍ਰੀਤੀ ਨੂੰ ਮੋਬਾਈਲ ਫੋਨ 'ਤੇ ਵਿਅਸਤ ਦੇਖਿਆ ਸੀ ਪਰ ਘਟਨਾ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਮੌਕੇ ਤੋਂ ਗਾਇਬ ਮਿਲਿਆ ਹੈ, ਜਿਸ ਕਾਰਨ ਹਸਪਤਾਲ ਦੇ ਸਟਾਫ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਪੁਲਸ ਵੱਲੋਂ ਜਾਂਚ ਸ਼ੁਰੂ
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਲ ਡਿਟੇਲ ਰਿਕਾਰਡ (CDR) ਤੇ ਅੰਤਿਮ ਲੋਕੇਸ਼ਨ ਰਾਹੀਂ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੀਤੀ ਮੂਲ ਰੂਪ ਵਿੱਚ ਹਿਸਾਰ ਜ਼ਿਲ੍ਹੇ ਦੇ ਪਿੰਡ ਜੁਗਲਾਨ ਦੀ ਰਹਿਣ ਵਾਲੀ ਸੀ ਅਤੇ ਸੈਕਟਰ-31, ਪੰਚਕੂਲਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਉਸ ਦੀ ਸਰਕਾਰੀ ਨੌਕਰੀ ਸਾਲ 2024 ਵਿੱਚ ਹੀ ਲੱਗੀ ਸੀ। ਫਿਲਹਾਲ ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਫਰਜ਼ੀ CBSE ਮਾਨਤਾ ਦਿਖਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ, ਸਕੂਲ ਦੀ ਪ੍ਰਿੰਸੀਪਲ ਗ੍ਰਿਫ਼ਤਾਰ
NEXT STORY