ਨਵੀਂ ਦਿੱਲੀ : ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਅਤੇ ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ਦੇ ਪਿਤਾ, ਸਵਰਾਜ ਕੌਸ਼ਲ ਦਾ ਅੱਜ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਦਿੱਲੀ ਭਾਜਪਾ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਸ਼੍ਰੀ ਕੌਸ਼ਲ ਦੇ ਪਰਿਵਾਰ ਨੂੰ ਇਸ ਘਾਟੇ ਦੇ ਨਾਲ, ਦੇਸ਼ ਨੇ ਕਾਨੂੰਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਇੱਕ ਮਜ਼ਬੂਤ ਛਾਪ ਛੱਡਣ ਵਾਲੀ ਹਸਤੀ ਨੂੰ ਗੁਆ ਦਿੱਤਾ ਹੈ।
ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਰਾਜਪਾਲ
ਸਵਰਾਜ ਕੌਸ਼ਲ ਦੇਸ਼ ਦੇ ਪ੍ਰਤਿਸ਼ਠਾਵਾਨ ਸੀਨੀਅਰ ਵਕੀਲਾਂ 'ਚ ਗਿਣੇ ਜਾਂਦੇ ਸਨ। ਜਨਤਕ ਜੀਵਨ 'ਚ ਉਨ੍ਹਾਂ ਦੀ ਪਛਾਣ ਇੱਕ ਬੇਹੱਦ ਇਮਾਨਦਾਰ ਅਤੇ ਤੇਜ਼ ਸੋਚ ਵਾਲੇ ਪ੍ਰਸ਼ਾਸਕ ਵਜੋਂ ਰਹੀ। ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ। ਸਾਲ 1990 'ਚ, ਉਹ ਮਿਜ਼ੋਰਮ ਦੇ ਰਾਜਪਾਲ ਬਣੇ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 37 ਸਾਲ ਸੀ, ਜਿਸ ਕਾਰਨ ਉਹ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਵਿੱਚ ਗਵਰਨਰ ਬਣਨ ਵਾਲੇ ਵਿਅਕਤੀ ਬਣ ਗਏ। ਉਹ 1990 ਤੋਂ 1993 ਤੱਕ ਇਸ ਅਹੁਦੇ 'ਤੇ ਰਹੇ।
ਮਿਜ਼ੋਰਮ 'ਚ ਸ਼ਾਂਤੀ ਲਿਆਉਣ ਵਾਲੇ 'ਹੀਰੋ'
ਸਵਰਾਜ ਕੌਸ਼ਲ ਨੂੰ ਉਨ੍ਹਾਂ ਦੇ ਪ੍ਰਸ਼ਾਸਨਿਕ ਕਾਰਜਾਂ ਤੋਂ ਇਲਾਵਾ, ਉੱਤਰ-ਪੂਰਬੀ ਭਾਰਤ ਵਿੱਚ ਸ਼ਾਂਤੀ ਬਹਾਲੀ ਲਈ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਮਿਜ਼ੋ ਸ਼ਾਂਤੀ ਸਮਝੌਤੇ (Mizo Peace Accord) ਦੇ ਮੁੱਖ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ, ਜਿਸ ਦੌਰਾਨ ਉਨ੍ਹਾਂ ਨੇ ਲਾਲਡੈਂਗਾ (Underground Mizo Leader) ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਦਹਾਕਿਆਂ ਪੁਰਾਣਾ ਸੰਘਰਸ਼ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਸੁਪਰੀਮ ਕੋਰਟ ਵਿੱਚ ਸੀਨੀਅਰ ਐਡਵੋਕੇਟ ਹੋਣ ਦੇ ਨਾਲ-ਨਾਲ 1998 ਤੋਂ 2004 ਤੱਕ ਹਰਿਆਣਾ ਤੋਂ ਰਾਜ ਸਭਾ ਮੈਂਬਰ ਵੀ ਰਹੇ।
ਅੰਤਿਮ ਸੰਸਕਾਰ ਅੱਜ ਸ਼ਾਮ 4:30 ਵਜੇ
ਦਿੱਲੀ ਭਾਜਪਾ ਅਨੁਸਾਰ, ਸਵਰਾਜ ਕੌਸ਼ਲ ਦਾ ਅੰਤਿਮ ਸੰਸਕਾਰ ਸ਼ਾਮ 4:30 ਵਜੇ ਲੋਧੀ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਉਨ੍ਹਾਂ ਨੂੰ ਆਪਣੇ ਪਿਤਾ ਅਤੇ ਮੈਂਟਰ ਦੋਵਾਂ ਵਜੋਂ ਯਾਦ ਕੀਤਾ ਹੈ।
Accident : ਖੜ੍ਹੇ ਟਰੱਕ 'ਚ ਸ਼ਰਧਾਲੂਆਂ ਦੀ ਕਾਰ, ਡਰਾਈਵਰ ਸਮੇਤ ਦੋ ਦੀ ਮੌਤ
NEXT STORY