ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਦੇ ਇੱਕ ਟਿਕਾਣੇ ਨੂੰ ਤਬਾਹ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅਰਾਗਮ ਦੇ ਖਾਂਜਪਥਰੀ ਇਲਾਕੇ ਵਿੱਚ ਚਲਾਏ ਗਏ ਇਸ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਅਸਲਾ, ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਇਹ ਵਿਸ਼ੇਸ਼ ਮੁਹਿੰਮ ਭਾਰਤੀ ਸੈਨਾ, ਬਾਂਦੀਪੋਰਾ ਪੁਲਸ ਅਤੇ ਸੀ.ਆਰ.ਪੀ.ਐਫ. (CRPF) ਵੱਲੋਂ ਸਾਂਝੇ ਤੌਰ 'ਤੇ 14 ਤੋਂ 15 ਮਈ ਤੱਕ ਚਲਾਈ ਗਈ ਸੀ। ਇਹ ਕਾਰਵਾਈ ‘ਸਰਚ ਐਂਡ ਡਿਸਟ੍ਰੌਏ’ (ਖੋਜ ਅਤੇ ਨਸ਼ਟ ਕਰਨ ਦਾ ਅਭਿਆਨ) ਦੇ ਤਹਿਤ ਚਲਾਈ ਗਈ ਸੀ, ਜਿਸ ਦਾ ਮੁੱਖ ਉਦੇਸ਼ ਇਲਾਕੇ ਵਿੱਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਖਤਮ ਕਰਨਾ ਸੀ।
ਸੁਰੱਖਿਆ ਬਲਾਂ ਨੂੰ ਇਹ ਟਿਕਾਣਾ ਜੰਗਲੀ ਖੇਤਰ ਵਿੱਚ ਸਥਿਤ ਕੁਦਰਤੀ ਗੁਫਾਵਾਂ ਵਿੱਚ ਮਿਲਿਆ। ਗੁਫਾਵਾਂ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਉੱਥੇ ਸਟਨ ਗ੍ਰਨੇਡ ਦਾਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੰਦਰ ਕੋਈ ਅੱਤਵਾਦੀ ਮੌਜੂਦ ਨਾ ਹੋਵੇ। ਤਲਾਸ਼ੀ ਦੌਰਾਨ ਉੱਥੋਂ ਕੱਪੜੇ, ਇਲੈਕਟ੍ਰਾਨਿਕ ਉਪਕਰਨ, ਭਾਂਡੇ, ਰਾਸ਼ਨ ਅਤੇ ਖਾਣ-ਪੀਣ ਦੇ ਹੋਰ ਸਾਮਾਨ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਅਸਲਾ-ਬਾਰੂਦ ਬਰਾਮਦ ਹੋਇਆ ਹੈ।
ਪੁਲਸ ਅਧਿਕਾਰੀਆਂ ਅਨੁਸਾਰ, ਇਸ ਟਿਕਾਣੇ ਦੇ ਮਿਲਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਅੱਤਵਾਦੀ ਉੱਤਰੀ ਕਸ਼ਮੀਰ ਦੇ ਸੰਘਣੇ ਜੰਗਲਾਂ ਦੀ ਵਰਤੋਂ ਛੁਪਣ ਅਤੇ ਰਸਦ ਇਕੱਠੀ ਕਰਨ ਲਈ ਕਰ ਰਹੇ ਹਨ। ਅੱਤਵਾਦੀਆਂ ਦੀ ਕਿਸੇ ਵੀ ਸਾਜ਼ਿਸ਼ ਨੂੰ ਨਾਕਾਮ ਕਰਨ ਅਤੇ ਇਲਾਕੇ ਵਿੱਚ ਆਪਣਾ ਦਬਦਬਾ ਬਣਾਈ ਰੱਖਣ ਲਈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ।
ਚਲਦੀ ਕਾਰ ਬਣੀ 'ਅੱਗ ਦਾ ਗੋਲਾ', ਅੱਖਾਂ ਸਾਹਮਣੇ ਜ਼ਿੰਦਾ ਸੜੀ ਗਰਭਵਤੀ ਪਤਨੀ
NEXT STORY