ਜਿੱਥੇ ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਡਰੋਨਾਂ ਆਦਿ ਰਾਹੀਂ ਜਾਰੀ ਹੈ, ਉੱਥੇ ਹੀ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਸਮਾਜ ਵਿਰੋਧੀ ਅਨਸਰ ਵਿਸਫੋਟਕਾਂ ਅਤੇ ਹਥਿਆਰਾਂ ਦੀ ਸਮੱਗਲਿੰਗ ਕਰ ਕੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾ ਰਹੇ ਹਨ, ਜੋ ਪਿਛਲੇ ਇਕ ਹਫ਼ਤੇ ਦੀਆਂ ਹੇਠਾਂ ਦਰਜ ਘਟਨਾਵਾਂ ਤੋਂ ਸਪੱਸ਼ਟ ਹੈ :
* 2 ਜੂਨ ਨੂੰ ‘ਮਮਦੋਟ’ (ਫ਼ਿਰੋਜ਼ਪੁਰ) ’ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪਾਕਿਸਤਾਨੀ ਡਰੋਨ ਵੱਲੋਂ ਸੁੱਟਿਆ ਗਿਆ ਪਿਸਤੌਲ ਬਰਾਮਦ ਕੀਤਾ।
* 3 ਜੂਨ ਨੂੰ ‘ਅੰਮ੍ਰਿਤਸਰ ਕਮਿਸ਼ਨਰੇਟ ਪੁਲਸ’ ਨੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 2. 235 ਕਿਲੋ ਹੈਰੋਇਨ, 6 ਅਤਿਆਧੁਨਿਕ ਪਿਸਤੌਲ ਅਤੇ 21 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
* 4 ਜੂਨ ਨੂੰ ਪੰਜਾਬ ਪੁਲਸ ਦੇ ‘ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ’, ਐੱਸ. ਏ. ਐੱਸ. ਨਗਰ ਨੇ ਇਕ ਅੱਤਵਾਦੀ ਗਿਰੋਹ ਦੇ 2 ਸਾਥੀਆਂ ‘ਮਣੀ ਸਿੰਘ’ ਤੇ ‘ਅਭਿਸ਼ੇਕ’ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 2.5 ਕਿਲੋ ਆਰ. ਡੀ. ਐਕਸ. ਨਾਲ ਬਣਿਆ ਆਈ. ਈ. ਡੀ. ਬਰਾਮਦ ਕੀਤਾ।
* 4 ਜੂਨ ਨੂੰ ਹੀ ਸੁਰੱਖਿਆ ਫੋਰਸਾਂ ਨੇ ਮਣੀਪੁਰ ’ਚ ਗ੍ਰਿਫ਼ਤਾਰ 5 ਅੱਤਵਾਦੀਆਂ ਕੋਲੋਂ 2 ਏ. ਕੇ. 47 ਰਾਈਫਲਾਂ, ਇਕ ਐੱਸ.ਐੱਲ.ਆਰ. ਰਾਈਫਲ, 9 ਐੱਮ. ਐੱਮ. ਦੀ ਇਕ ਕਾਰਬਾਈਨ, 4 ਹੱਥਗੋਲੇ, 3 ਮੈਗਜ਼ੀਨ ਅਤੇ ਵੱਖ-ਵੱਖ ਬੋਰ ਦੇ 42 ਕਾਰਤੂਸ ਬਰਾਮਦ ਕੀਤੇ।
* 4 ਜੂਨ ਨੂੰ ਹੀ ‘ਕਾਂਕੇਰ’ (ਛੱਤੀਸਗੜ੍ਹ) ਜ਼ਿਲੇ ਦੇ ‘ਕੋਇਲੀਬਾੜਾ’ ਖੇਤਰ ਦੇ ‘ਗਟਕਾਕਾਲ’ ਜੰਗਲ ’ਚ ਤਲਾਸ਼ੀ ਦੌਰਾਨ ਸੁਰੱਖਿਆ ਫੋਰਸਾਂ ਨੇ ਨਕਸਲੀਆਂ ਵੱਲੋਂ ਲੁਕੋ ਕੇ ਰੱਖਿਆ ਹੋਇਆ 3 ਕਿਲੋ ਵਜ਼ਨੀ ਪ੍ਰੈਸ਼ਰ ਕੁੱਕਰ ਆਈ. ਈ. ਡੀ. ਬਰਾਮਦ ਕੀਤਾ।
* 5 ਜੂਨ ਨੂੰ ‘ਅੰਮ੍ਰਿਤਸਰ’ (ਪੰਜਾਬ) ਜ਼ਿਲਾ ਸ਼ਹਿਰੀ ਪੁਲਸ ਨੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਹਥਿਆਰ, ਨਸ਼ੇ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ ਇਕ ਅਫ਼ਗਾਨ ਨਾਗਰਿਕ ਤੇ 2 ਨਾਬਾਲਗਾਂ ਸਮੇਤ 6 ਵਿਅਕਤੀਅਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1.035 ਕਿਲੋ ਹੈਰੋਇਨ ਤੇ 5 ਪਿਸਤੌਲਾਂ ਬਰਾਮਦ ਕੀਤੀਆਂ।
* 6 ਜੂਨ ਨੂੰ ‘ਸੁਕਮਾ’ (ਛੱਤੀਸਗੜ੍ਹ) ਜ਼ਿਲੇ ਦੇ ‘ਕਿਸਟਾਰਾਮ’ ਇਲਾਕੇ ਦੇ ‘ਕੁਮਾਡੋਨ ਜੰਗਲ’ ’ਚ ਨਕਸਲੀਆਂ ਵੱਲੋਂ ਲੁਕੋ ਕੇ ਰੱਖੇ ਡੰਪ ’ਚੋਂ ਇਕ ਇੰਸਾਸ ਰਾਈਫਲ, ਭਾਰੀ ਮਾਤਰਾ ’ਚ ਕਾਰਤੂਸ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ।
* 7 ਜੂਨ ਨੂੰ ‘ਦੰਤੇਵਾੜਾ’ (ਛੱਤੀਸਗੜ੍ਹ) ਜ਼ਿਲੇ ’ਚ ‘ਤੋੜਮਾ’ ਦੇ ਜੰਗਲਾਂ ’ਚੋਂ ਸੁਰੱਖਿਆ ਫੋਰਸਾਂ ਨੇ 2 ਪ੍ਰੈਸ਼ਰ ਕੁੱਕਰ ਆਈ.ਈ.ਡੀ. (ਲੱਗਭਗ 5-5 ਲੀਟਰ) ਅਤੇ 10 ਕਿਲੋ ਵਜ਼ਨੀ ‘ਪਾਈਪ ਬੰਬ’ ਬਰਾਮਦ ਕਰ ਕੇ ਉਨ੍ਹਾਂ ਨੂੰ ਨਸ਼ਟ ਕੀਤਾ।
* 9 ਜੂਨ ਨੂੰ ਜੰਮੂ-ਕਸ਼ਮੀਰ ਦੇ ‘ਬਾਰਾਮੂਲਾ’ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੇ 2 ਪਿਸਤੌਲਾਂ (1 ਵਿਦੇਸ਼ੀ) ਤੋਂ ਇਲਾਵਾ 2 ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਕੀਤੇ।
* 9 ਜੂਨ ਨੂੰ ਹੀ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਮੁਹਿੰਮ ’ਚ ‘ਖਾਸਾ’ ਖੇਤਰ ’ਚ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਨਾਲ ਜੁੜੇ 2 ਮੁਲਜ਼ਮਾਂ ਦਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪਾਕਿਸਤਾਨ ਦੀ ਆਈ.ਐੱਸ.ਆਈ. ਵੱਲੋਂ ਭੇਜੇ ਗਏ 2 ਹੈਂਡ ਗ੍ਰੇਨੇਡ ਬਰਾਮਦ ਕੀਤੇ।
* 9 ਜੂਨ ਨੂੰ ਹੀ ‘ਮਲਕਾਨਗਿਰੀ’ (ਓਡਿਸ਼ਾ) ਦੇ ਸਰਹੱਦੀ ਖੇਤਰਾਂ ’ਚ ਨਕਸਲੀਆਂ ਦੇ ਗੁਪਤ ਟਿਕਾਣੇ ਤੋਂ ਭਾਰੀ ਮਾਤਰਾ ’ਚ ਹਥਿਆਰ, ਆਈ.ਈ.ਡੀ., ਗੋਲਾ-ਬਾਰੂਦ, ਉਪਕਰਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
* 9 ਜੂਨ ਨੂੰ ਹੀ ਅੰਮ੍ਰਿਤਸਰ (ਪੰਜਾਬ) ’ਚ ਸੁਰੱਖਿਆ ਫੋਰਸਾਂ ਨੇ ਇਕ ਅਫ਼ਗਾਨ ਨਾਗਰਿਕ ਸਮੇਤ 4 ਵਿਅਕਤੀਅਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵਿਦੇਸ਼ੀ ਪਿਸਤੌਲ, ਮੈਗਜ਼ੀਨ, ਕਾਰਤੂਸ ਅਤੇ ਇਕ ਐਕਟਿਵਾ ਬਰਾਮਦ ਕੀਤੀ।
* 9 ਜੂਨ ਨੂੰ ਹੀ ਓਡਿਸ਼ਾ-ਛੱਤੀਸਗੜ੍ਹ ਹੱਦ ਦੇ ਜੰਗਲਾਂ ’ਚ ਸੁਰੱਖਿਆ ਫੋਰਸਾਂ ਨੇ ਨਕਸਲੀਆਂ ਦੇ ਇਕ ਟਿਕਾਣੇ ਦੀ ਤਲਾਸ਼ੀ ਦੌਰਾਨ 2 ਇੰਸਾਸ ਰਾਈਫਲਾਂ, ਆਈ. ਈ. ਡੀ., ਟਿਫ਼ਨ ਬੰਬ ਅਤੇ ਗ੍ਰੇਨੇਡ ਬਰਾਮਦ ਕੀਤੇ।
* 9 ਜੂਨ ਨੂੰ ਹੀ ਸੁਰੱਖਿਆ ਫੋਰਸਾਂ ਨੇ ‘ਚੰਦੇਲ’ (ਮਣੀਪੁਰ) ਜ਼ਿਲੇ ਦੇ ‘ਚਕਪਿਕਾਰੋਂਗ’ ਇਲਾਕੇ ’ਚ 0.22 ਬੋਰ ਦੀ ਰਾਈਫਲ, ਦੇਸੀ ਪਿਸਤੌਲ, 1.2 ਕਿਲੋ ਵਿਸਫੋਟਕ ਪਦਾਰਥ ਅਤੇ ਰੇਡੀਓ ਸੈੱਟ ਸਮੇਤ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ।
ਕਿਉਂਕਿ ਸਮਾਜ ਵਿਰੋਧੀ ਅਨਸਰਾਂ ਨੇ ਇਨ੍ਹਾਂ ਵਸਤੂਆਂ ਦੀ ਦੁਰਵਰਤੋਂ ਆਪਣੇ ਹੀ ਦੇਸ਼ ਵਾਸੀਆਂ ਦਾ ਖ਼ੂਨ ਵਹਾਉਣ ਲਈ ਕਰਨੀ ਸੀ, ਇਸ ਲਈ ਜਿੱਥੇ ਉਕਤ ਤਬਾਹੀ ਦੇ ਸਾਮਾਨ ਨੂੰ ਬਰਾਮਦ ਕਰਨ ਲਈ ਸਬੰਧਿਤ ਸਟਾਫ਼ ਸ਼ਲਾਘਾ ਦਾ ਪਾਤਰ ਹੈ, ਉੱਥੇ ਹੀ ਆਪਣਾ ਫ਼ਰਜ਼ ਨਿਭਾਉਣ ’ਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਨੂੰ ਚੁਸਤ ਕਰਨ ਦੇ ਨਾਲ-ਨਾਲ ਤਬਾਹੀ ਦੇ ਸਾਮਾਨ ਨਾਲ ਫੜੇ ਜਾਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
‘ਇਕ ਰਾਸ਼ਟਰ ਇਕ ਚੋਣ’ ਸਮੇਂ ਦੀ ਮੰਗ
NEXT STORY