Fact Check By AAJTAK
ਸੋਸ਼ਲ ਮੀਡੀਆ 'ਤੇ ਅਖਬਾਰ 'ਚ ਪ੍ਰਕਾਸ਼ਿਤ ਇਕ ਖ਼ਬਰ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਬਿਹਾਰ ਦੇ ਕਿਸ਼ਨਗੰਜ 'ਚ ਹਾਲ ਹੀ 'ਚ ਇਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ। ਖ਼ਬਰ ਮੁਤਾਬਕ ਇਸ ਘਟਨਾ 'ਚ ਉਸੇ ਪਿੰਡ ਦੇ 6 ਨੌਜਵਾਨਾਂ ਨੇ ਪਿਤਾ ਨੂੰ ਬੰਧਕ ਬਣਾ ਲਿਆ ਅਤੇ ਲੜਕੀ ਨਾਲ ਗੈਂਗਰੇਪ ਕੀਤਾ। ਇਸ ਸਕਰੀਨ ਸ਼ਾਟ ਨੂੰ ਸ਼ੇਅਰ ਕਰਦੇ ਹੋਏ ਕੁਝ ਲੋਕ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਮਾਮਲੇ ਦਾ ਦੋਸ਼ੀ ਮੁਸਲਮਾਨ ਹੈ, ਜਦਕਿ ਪੀੜਤ ਹਿੰਦੂ ਹੈ।
ਐਕਸ ਅਤੇ ਫੇਸਬੁੱਕ 'ਤੇ ਇਸ ਸਕਰੀਨ ਸ਼ਾਟ ਨੂੰ ਸ਼ੇਅਰ ਕਰਦੇ ਹੋਏ ਲੋਕ 6 ਮੁਸਲਿਮ ਦੋਸ਼ੀਆਂ ਦੇ ਨਾਂ ਲਿਖ ਰਹੇ ਹਨ। ਇਸ ਤੋਂ ਇਲਾਵਾ ਬਿਹਾਰ ਦੇ ਕਿਸ਼ਨਗੰਜ 'ਚ ਹਿੰਦੂਆਂ ਦੇ ਘੱਟ ਗਿਣਤੀ ਹੋਣ ਬਾਰੇ ਲਿਖਦੇ ਹੋਏ ਉਹ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਅਤੇ ਕੁਝ ਪੱਤਰਕਾਰਾਂ 'ਤੇ ਵੀ ਨਿਸ਼ਾਨਾ ਸਾਧ ਰਹੇ ਹਨ।

ਆਜ ਤਕ ਫੈਕਟ ਚੈੱਕ ਨੇ ਪਾਇਆ ਕਿ ਇਹ ਮਾਮਲਾ 2019 ਦਾ ਹੈ, ਜਿਸ ਵਿਚ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ। ਨਾਲ ਹੀ ਇਸ ਮਾਮਲੇ ਵਿੱਚ ਕੋਈ ਫ਼ਿਰਕੂ ਐਂਗਲ ਨਹੀਂ ਹੈ। ਇਸ ਵਿੱਚ ਪੀੜਤ ਅਤੇ ਮੁਲਜ਼ਮ ਦੋਵੇਂ ਮੁਸਲਿਮ ਭਾਈਚਾਰੇ ਦੇ ਸਨ।
ਕਿਵੇਂ ਪਤਾ ਲੱਗੀ ਸੱਚਾਈ?
ਅਸੀਂ ਦੇਖਿਆ ਕਿ ਵਾਇਰਲ ਖਬਰ ਦੇ ਸਕਰੀਨ ਸ਼ਾਟ 'ਚ ਇਸ ਘਟਨਾ ਨੂੰ ਕਿਸ਼ਨਗੰਜ ਦੇ ਦਿਗਲਬੰਕ ਬਲਾਕ ਖੇਤਰ ਦੇ ਕੋਢੋਵਾੜੀ ਥਾਣਾ ਖੇਤਰ ਦੇ ਇਕ ਪਿੰਡ ਦਾ ਦੱਸਿਆ ਗਿਆ ਹੈ। ਇਸ ਜਾਣਕਾਰੀ ਦੀ ਮਦਦ ਨਾਲ ਕੀਵਰਡ ਸਰਚ ਕਰਕੇ ਸਾਨੂੰ ਇਸ ਘਟਨਾ ਨਾਲ ਸਬੰਧਤ ਖਬਰਾਂ ਮਿਲੀਆਂ। ਪਰ ਦਿਲਚਸਪ ਗੱਲ ਇਹ ਹੈ ਕਿ ਇਹ ਰਿਪੋਰਟਾਂ ਹਾਲੀਆ ਨਹੀਂ ਸਗੋਂ 2019 ਦੀਆਂ ਹਨ।
'ਆਜ ਤਕ' ਦੀ ਖਬਰ ਮੁਤਾਬਕ ਇਹ ਘਟਨਾ 4-5 ਫਰਵਰੀ 2019 ਦੀ ਦਰਮਿਆਨੀ ਰਾਤ ਨੂੰ ਵਾਪਰੀ। ਖਬਰ ਵਿਚ 19 ਸਾਲਾ ਪੀੜਤਾ ਦੇ ਪਿਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਰ ਰਾਤ ਕਿਸੇ ਨੇ ਪਾਣੀ ਮੰਗਣ ਦੇ ਬਹਾਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ। ਪਰ ਜਦੋਂ ਪਿਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਪਿੰਡ ਦੇ 6 ਬੰਦਿਆਂ ਨੇ ਉਸ ਨੂੰ ਬੰਧਕ ਬਣਾ ਲਿਆ। ਦੋਸ਼ੀ ਪਿਓ-ਧੀ ਨੂੰ ਘਰ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਲੈ ਗਏ ਅਤੇ ਪਿਤਾ ਦੇ ਸਾਹਮਣੇ ਹੀ ਪੀੜਤਾ ਨਾਲ ਗੈਂਗਰੇਪ ਕੀਤਾ।
ਪੀੜਤਾ ਨੇ 7 ਫਰਵਰੀ ਨੂੰ ਕੋਢੋਵਾੜੀ ਪੁਲਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ। ਰਿਪੋਰਟਾਂ ਮੁਤਾਬਕ ਇਸ ਮਾਮਲੇ ਦੇ ਮੁਲਜ਼ਮਾਂ ਵਿੱਚ ਫੈਜ਼ ਆਲਮ (21 ਸਾਲ), ਅਬਦੁੱਲ ਮੰਨਾਨ (27 ਸਾਲ), ਕਾਲੂ (27 ਸਾਲ), ਮੁਹੰਮਦ ਕਾਸਿਮ (35 ਸਾਲ), ਮੁਹੰਮਦ ਤਕਸੀਰ (24 ਸਾਲ) ਅਤੇ ਅੰਸਾਰ (35 ਸਾਲ) ਸ਼ਾਮਲ ਸਨ। ਕਿਸ਼ਨਗੰਜ ਪੁਲਸ ਨੇ ਵੀ ਇਹ ਮਾਮਲਾ ਪੁਰਾਣਾ ਦੱਸਿਆ ਹੈ।
ਸਾਫ਼ ਹੈ ਕਿ ਇਹ ਮਾਮਲਾ 6 ਸਾਲ ਪੁਰਾਣਾ ਹੈ। ਅਸੀਂ ਇਸ ਘਟਨਾ ਬਾਰੇ ਕਿਸ਼ਨਗੰਜ ਜ਼ਿਲ੍ਹੇ ਦੇ ਦਿਗਲਬੈਂਕ ਥਾਣੇ ਨਾਲ ਸੰਪਰਕ ਕੀਤਾ। ਥਾਣਾ ਇੰਚਾਰਜ ਐੱਸਆਈ ਸੁਮੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੇ ਸਾਰੇ ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ ਹਨ ਅਤੇ ਫਿਲਹਾਲ ਜੇਲ੍ਹ ਵਿੱਚ ਹਨ। ਨਾਲ ਹੀ ਸੁਮੇਸ਼ ਨੇ ਦੱਸਿਆ ਕਿ ਪੀੜਤ ਅਤੇ ਦੋਸ਼ੀ ਦੋਵੇਂ ਮੁਸਲਿਮ ਭਾਈਚਾਰੇ ਦੇ ਸਨ।
ਸਾਫ਼ ਹੈ ਕਿ 6 ਸਾਲ ਪੁਰਾਣੇ ਗੈਂਗਰੇਪ ਦੇ ਮਾਮਲੇ ਨੂੰ ਤਾਜ਼ਾ ਹੋਣ ਦਾ ਦਾਅਵਾ ਕਰਕੇ ਫਿਰਕੂ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ AAJTAK ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Fact Check : ਮਹਾਕੁੰਭ 'ਚ ਇਕ ਵਾਰ ਫ਼ਿਰ ਲੱਗੀ ਅੱਗ ! ਨਹੀਂ, ਮਿਸਰ ਦੀ ਹੈ ਵਾਇਰਲ ਵੀਡੀਓ
NEXT STORY