ਦੇਹਰਾਦੂਨ (ਭਾਸ਼ਾ)- ਉਤਰਾਖੰਡ 'ਚ ਕੇਦਾਰਨਾਥ ਧਾਮ ਦੇ ਕਿਵਾੜ ਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਸਮੇਤ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੌਜੂਦਗੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਲੋਕ ਭਲਾਈ ਲਈ ਪਹਿਲਾ ਰੁਦਰਾਭਿਸ਼ੇਕ ਕੀਤਾ ਗਿਆ। 'ਬਮ-ਬਮ ਭੋਲੇ' ਅਤੇ 'ਬਾਬਾ ਕੇਦਾਰ ਕੀ ਜੈ' ਦੇ ਜੈਕਾਰਿਆਂ ਨਾਲ ਸਵੇਰੇ 06.25 'ਤੇ ਵਰਿਸ਼ ਲਗਨ 'ਚ ਰਸਮੀ ਪੂਜਾ ਤੋਂ ਬਾਅਦ ਕੇਦਾਰਨਾਥ ਮੰਦਰ ਦਾ ਮੁੱਖ ਦਰਵਾਜ਼ਾ ਵੈਦਿਕ ਜਾਪਾਂ ਵਿਚਕਾਰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਇਸ ਮੌਕੇ ਮੰਦਰ ਨੂੰ 9 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਸੈਨਾ ਦੀ ਮਰਾਠਾ ਰੈਜੀਮੈਂਟ ਦੇ ਬੈਂਡ ਦੀਆਂ ਧੁਨਾਂ ਨਾਲ ਦੇਸ਼-ਵਿਦੇਸ਼ ਤੋਂ ਆਏ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੇ ਨਾਲ-ਨਾਲ ਧਾਮੀ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਵੀ ਮੰਦਰ ਦੇ ਕਿਵਾੜ ਖੁੱਲ੍ਹਣ ਦੇ ਗੁਆਹ ਬਣੇ।
ਕਿਵਾੜ ਖੋਲ੍ਹਣ ਦੀਆਂ ਤਿਆਰੀਆਂ ਸਵੇਰੇ 4.30 ਵਜੇ ਸ਼ੁਰੂ ਹੋਈਆਂ, ਜਦੋਂ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ, ਧਾਮ ਦੇ ਰਾਵਲ ਭੀਮਾਸ਼ੰਕਰ ਲਿੰਗਾ, ਵੇਦਪਤੀ ਆਚਾਰੀਆ, ਗੜ੍ਹਵਾਲ ਦੇ ਕਮਿਸ਼ਨਰ ਸੁਸ਼ੀਲ ਕੁਮਾਰ, ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟਰੇਟ ਮਯੂਰ ਦੀਕਸ਼ਿਤ ਅਤੇ ਸੀਨੀਅਰ ਧਾਰਮਿਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਪੂਰਬੀ ਦਰਵਾਜ਼ੇ ਤੋਂ ਮੰਦਰ ਦੇ ਹਾਲ 'ਚ ਪ੍ਰਵੇਸ਼ ਕੀਤਾ। ਮੰਦਰ ਦੇ ਗਰਭਗ੍ਰਹਿ ਦੇ ਦੁਆਰ ਦਾ ਪੂਜਨ ਸਵੇਰੇ 5 ਵਜੇ ਤੋਂ ਸ਼ੁਰੂ ਹੋਇਆ, ਜਿਸ ਦੇ ਖ਼ਤਮ ਹੋਣ ਤੋਂ ਬਾਅਦ ਕੇਦਾਰਨਾਥ ਧਾਮ ਦੇ ਕਿਵਾੜ ਖੋਲ੍ਹ ਦਿੱਤੇ ਗਏ। ਕਿਵਾੜ ਖੁੱਲ੍ਹਦੇ ਹੀ ਕੇਦਾਰਨਾਥ ਦਾ ਸਵੈ-ਸਰੂਪ ਸ਼ਿਵਲਿੰਗ ਸਮਾਧੀ ਦੇ ਰੂਪ ਤੋਂ ਜਾਗ੍ਰਿਤ ਹੋ ਗਿਆ ਅਤੇ ਬਾਬਾ ਦੇ ਸ਼ਿੰਗਾਰ ਦਰਸ਼ਨ ਸ਼ੁਰੂ ਹੋਏ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਮ 'ਤੇ ਜਨ ਕਲਿਆਣ ਲਈ ਪਹਿਲਾ ਰੁਦਰਾਭਿਸ਼ੇਕ ਕੀਤਾ ਗਿਆ। ਮੰਦਰ ਕੰਪਲੈਕਸ 'ਚ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਤੋਂ ਇਲਾਵਾ ਹੈਲੀਕਾਪਟਰਾਂ ਅਤੇ ਪੈਦਲ ਮਾਰਗ ਤੋਂ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਧਾਮੀ ਨੇ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹਣ ਦੇ ਮੌਕੇ 'ਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਬਾਬਾ ਕੇਦਾਰ ਦਾ ਆਸ਼ੀਰਵਾਦ ਸੰਗਤਾਂ 'ਤੇ ਬਣਿਆ ਰਹੇ | ਇਸ ਸਾਲ ਦੀ ਚਾਰਧਾਮ ਯਾਤਰਾ 3 ਮਈ ਨੂੰ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜ਼ੇ ਖੋਲ੍ਹਣ ਨਾਲ ਸ਼ੁਰੂ ਹੋਈ। ਇਕ ਹੋਰ ਧਾਮ ਬਦਰੀਨਾਥ ਦੇ ਦਰਵਾਜ਼ੇ 8 ਮਈ ਨੂੰ ਖੁੱਲ੍ਹਣਗੇ।
ਭਾਜਪਾ ਸੰਸਦ ਮੈਂਬਰ ਬ੍ਰਜਭੂਸ਼ਣ ਦੀ ਚਿਤਾਵਨੀ, ਰਾਜ ਠਾਕਰੇ ਨੂੰ ਅਯੁੱਧਿਆ ’ਚ ਦਾਖਲ ਨਹੀਂ ਹੋਣ ਦਿਆਂਗੇ
NEXT STORY