ਨਵੀਂ ਦਿੱਲੀ— ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ 'ਚ ਜ਼ਿੰਦਾ ਨਵਜਾਤ ਨੂੰ ਡਾਕਟਰਾਂ ਵੱਲੋਂ ਮ੍ਰਿਤ ਐਲਾਨ ਕੀਤੇ ਜਾਣ ਦੇ ਮਾਮਲੇ 'ਚ ਪੁਲਸ ਨੇ ਸ਼ਨੀਵਾਰ ਨੂੰ ਹੀ ਜਾਂਚ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਨੇ ਹਸਪਤਾਲ 'ਤੇ ਨਵੇਂ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ। ਜੁੜਵਾ (ਇਕ ਮ੍ਰਿਤ, ਦੂਜਾ ਜ਼ਿੰਦਾ) ਬੱਚਿਆਂ ਦੇ ਪਿਤਾ 26 ਸਾਲਾ ਆਸ਼ੀਸ਼ ਦਾ ਦੋਸ਼ ਹੈ ਕਿ ਬੱਚੇ ਨੂੰ ਹਸਪਤਾਲ 'ਚ ਰੱਖੇ ਜਾਣ ਦਾ 50 ਲੱਖ ਰੁਪਏ ਦਾ ਖਰਚ ਦੱਸਿਆ ਗਿਆ। ਆਪਣੀ ਸ਼ਿਕਾਇਤ 'ਚ ਆਸ਼ੀਸ਼ ਨੇ ਦੱਸਿਆ ਕਿ ਮੈਕਸ ਹਸਪਤਾਲ ਨੇ ਉਨ੍ਹਾਂ ਦੀ 6 ਮਹੀਨੇ ਦੀ ਗਰਭਵਤੀ ਪਤਨੀ ਵਰਸ਼ਾ ਦੇ ਜੁੜਵਾ ਸ਼ਿਸ਼ੂਆਂ ਦੇ ਬਚਣ ਦੀ 10-15 ਫੀਸਦੀ ਸੰਭਾਵਨਾ ਦੱਸੀ ਸੀ ਅਤੇ ਕਿਹਾ 35 ਹਜ਼ਾਰ ਰੁਪਏ ਦੀ ਕੀਮਤ ਦੇ 3 ਟੀਕੇ ਲਗਵਾਉਣ ਦੀ ਸਲਾਹ ਦਿੱਤੀ ਸੀ ਤਾਂ ਕਿ ਗਰਭ ਦੇ ਬਚਣ ਦੀ ਸੰਭਾਵਨਾ ਨੂੰ ਵਧਾਇਆ ਜਾ ਸਕੇ। ਟੀਕੇ ਲਗਾਏ ਜਾਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਸ਼ਿਸ਼ੂਆਂ ਦੇ ਬਚਣ ਦੀ ਸੰਭਾਵਨਾ 30 ਫੀਸਦੀ ਤੱਕ ਪੁੱਜ ਗਈ ਹੈ। ਆਸ਼ੀਸ਼ ਨੇ ਇਹ ਵੀ ਦੋਸ਼ ਲਗਾਇਆ ਕਿ ਬੱਚਿਆਂ ਨੂੰ ਖਤਰੇ ਤੋਂ ਬਾਹਰ ਲਿਆਉਣ ਲਈ ਨਰਸਰੀ 'ਚ ਰੱਖਿਆ ਜਾਵੇਗਾ, ਜਿਸ 'ਤੇ 50 ਲੱਖ ਰੁਪਏ ਤੱਕ ਦਾ ਖਰਚ ਆਏਗਾ। ਆਸ਼ੀਸ਼ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ਅਨੁਸਾਰ,''ਮੈਕਸ ਨੇ ਸ਼ਿਸ਼ੂਆਂ ਦੇ ਇਲਾਜ 'ਚ ਲਾਪਰਵਾਹੀ ਵਰਤੀ, ਇਲਾਜ ਠੀਕ ਤਰ੍ਹਾਂ ਨਹੀਂ ਕੀਤਾ ਗਿਆ। ਇਕ ਬੱਚਾ ਜ਼ਿੰਦਾ ਸੀ, ਫਿਰ ਵੀ ਉਸ ਨੂੰ ਮ੍ਰਿਤ ਦੱਸ ਕੇ ਪਾਰਸਲ ਬਣਾ ਕੇ ਸਾਨੂੰ ਸੌਂਪ ਦਿੱਤਾ ਗਿਆ।
ਜ਼ਿੰਦਾ ਨਵਜਾਤ ਨੂੰ ਪੀਤਮਪੁਰਾ ਦੇ ਅਗਰਵਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਉਸ ਦੀ ਹਾਲਤ 'ਚ ਅਜੇ ਕੋਈ ਸੁਧਾਰ ਨਹੀਂ ਹੋਇਆ ਹੈ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਸ ਨੂੰ ਆਈ.ਸੀ.ਯੂ. 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਜਦੋਂ ਉਸ ਨੂੰ ਦਾਖਲ ਕੀਤਾ ਗਿਆ ਸੀ, ਉਦੋਂ ਬਲੱਡ ਜਾਂਚ ਕੀਤੀ ਗਈ ਸੀ। ਉਸ ਜਾਂਚ 'ਚ ਬੱਚੇ 'ਚ ਇਨਫੈਕਸ਼ਨ ਪਾਇਆ ਗਿਆ ਸੀ। ਅਗਰਵਾਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਲਾਜ ਸ਼ੁਰੂ ਕਰਨ ਲਈ 10 ਮਿੰਟ ਦੇ ਅੰਦਰ 40 ਹਜ਼ਾਰ ਦਾ ਖਰਚ ਆਉਂਦਾ ਹੈ। ਇਸ ਤੋਂ ਬਾਅਦ ਅਗਲੇ 6 ਤੋਂ 7 ਦਿਨਾਂ ਤੱਕ ਕੋਈ ਹੋਰ ਖਰਚ ਨਹੀਂ ਹੁੰਦਾ। ਇਸ ਤੋਂ ਇਲਾਵਾ ਹਰ ਦਿਨ 6 ਤੋਂ 7 ਹਜ਼ਾਰ ਰੁਪਏ ਹਸਪਤਾਲ ਦਾ ਖਰਚ ਅਤੇ 3 ਤੋਂ 4 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਇਹੀ ਖਰਚ ਸਾਡੇ ਹਸਪਤਾਲ 'ਚ ਆ ਰਿਹਾ ਹੈ।
ਇਲਾਜ 'ਚ ਲਾਪਰਵਾਹੀ ਨੂੰ ਲੈ ਕੇ ਜੁੜਵਾ ਬੱਚਿਆਂ ਦੇ ਪਰਿਵਾਰ ਵਾਲੇ ਮੈਕਸ ਸ਼ਾਲੀਮਾਰ ਬਾਗ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਪਰਿਵਾਰ ਵਾਲੇ ਸ਼ੁੱਕਰਵਾਰ ਪੂਰੇ ਦਿਨ ਫਿਰ ਪੂਰੀ ਰਾਤ ਧਰਨੇ 'ਤੇ ਬੈਠੇ ਰਹੇ। ਉਨ੍ਹਾਂ ਦੇ ਸਮਰਥਨ 'ਚ ਸੈਂਕੜੇ ਲੋਕ ਸ਼ਾਮਲ ਹੋਏ। ਸ਼ਨੀਵਾਰ ਨੂੰ ਵੀ ਦਿਨ ਭਰ ਪ੍ਰਦਰਸ਼ਨ ਜਾਰੀ ਰਿਹਾ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਇਲਾਜ ਕਰਨ ਵਾਲੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਾਵੇ। ਹਸਪਤਾਲ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੀ ਇਕ ਡਾਕਟਰ ਨੂੰ ਸ਼ਾਮਲ ਕੀਤਾ ਹੈ। ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਕਸ ਹਸਪਤਾਲ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਲਾਇਸੈਂਸ ਰੱਦ ਕਰਨ ਦੀ ਲੋੜ ਪਈ ਤਾਂ ਉਹ ਵੀ ਕੀਤਾ ਜਾਵੇਗਾ।
Pics : ਦਿੱਲੀ ਦੀਆਂ ਸੜਕਾਂ 'ਤੇ ਇਸ ਅੰਦਾਜ਼ 'ਚ ਘੁੰਮੀ ਮਿਸ ਵਰਲਡ ਮਾਨੁਸ਼ੀ ਛਿੱਲਰ
NEXT STORY