ਅਲੀਪੁਰਦਵਾਰ (ਭਾਸ਼ਾ)- ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਰਾਜੀਵ ਬੈਨਰਜੀ ਦਾ ਨਾਂ ਲਏ ਬਿਨਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਜੰਗਲਾਤ ਵਿਭਾਗ ਦੀਆਂ ਭਰਤੀਆਂ ਵਿਚ ਬੇਨਿਯਮੀਆਂ ਪਾਈਆਂ ਗਈਆਂ ਹਨ।
ਮਮਤਾ ਨੇ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ 'ਤੇ ਹਮਲਾ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਕਤ ਆਗੂ ਹਾਰ ਜਾਣਗੇ। ਚੋਣਾਂ ਪਿੱਛੋਂ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਇਕ ਵਿਅਕਤੀ ਜਿਸ ਕੋਲ ਜੰਗਲਾਤ ਵਿਭਾਗ ਵਿਚ ਜੰਗਲਾਤ ਸਹਾਇਕਾਂ ਦੀ ਭਰਤੀ ਦੀ ਜ਼ਿੰਮੇਵਾਰੀ ਸੀ, ਉਹ ਭ੍ਰਿਸ਼ਟ ਸਰਗਰਮੀਆਂ ਵਿਚ ਸ਼ਾਮਲ ਪਾਇਆ ਗਿਆ ਹੈ। ਅਸੀਂ ਇਸ ਦੀ ਜਾਂਚ ਕਰਵਾਵਾਂਗੇ। ਹਰ ਗੱਲ ਦੀ ਜਾਂਚ ਕੀਤੀ ਜਾਵੇਗੀ। ਉਹ ਵਿਅਕਤੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਰਹਿਣ ਪਿੱਛੋਂ ਹੁਣ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ ਅਤੇ ਹੋਰਨਾਂ ਨੂੰ ਭਾਸ਼ਣ ਦੇ ਕੇ ਨਸੀਹਤਾਂ ਦੇ ਰਿਹਾ ਹੈ।
ਰਾਜੀਵ ਬੈਨਰਜੀ ਪਿਛਲੇ ਹਫਤੇ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਹ ਸੂਬਾ ਸਰਕਾਰ ਦੇ ਸਾਬਕਾ ਜੰਗਲਾਤ ਮੰਤਰੀ ਹਨ। ਮੁੱਖ ਮੰਤਰੀ ਨੇ ਅੰਦਰੂਨੀ ਬਨਾਮ ਬਾਹਰੀ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਬੰਗਾਲ ਦੇ ਲੋਕ ਹੀ ਬੰਗਾਲ 'ਤੇ ਰਾਜ ਕਰਨਗੇ ਨਾ ਕਿ ਗੁਜਰਾਤ ਤੋਂ ਆਉਣ ਵਾਲੇ ਲੋਕ। ਤ੍ਰਿਣਮੂਲ ਕਾਂਗਰਸ ਛੱਡਣ ਵਾਲੇ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਇਕ ਚਾਰਟਿਡ ਹਵਾਈ ਜਹਾਜ਼ ਭੇਜਣ ਨੂੰ ਲੈ ਕੇ ਵੀ ਮਮਤਾ ਨੇ ਭਗਵਾ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪ੍ਰਵਾਸੀ ਕਿਰਤੀਆਂ ਦੀ ਯਾਤਰਾ ਦਾ ਖਰਚਾ ਉਠਾਉਣ ਲਈ ਪੈਸੇ ਨਹੀਂ ਹਨ ਪਰ ਇਨ੍ਹਾਂ ਭ੍ਰਿਸ਼ਟ ਆਗੂਆਂ ਦੀ ਯਾਤਰਾ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਪੈਸੇ ਖਰਚਣ ਤੋਂ ਕੋਈ ਪਰਹੇਜ਼ ਨਹੀਂ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮਹਾਰਾਸ਼ਟਰ: ਸਟੀਲ ਫੈਕਟਰੀ 'ਚ ਧਮਾਕਾ, 35 ਲੋਕ ਝੁਲਸੇ, 7 ਦੀ ਹਾਲਤ ਗੰਭੀਰ
NEXT STORY