ਸ਼ਿਮਲਾ- ਹਿਮਾਚਲ ਕੈਬਨਿਟ ’ਚ ਅਮੀਰਾਂ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਇਕ ਪਰਿਵਾਰ-ਇਕ ਮੀਟਰ ਦੇ ਆਧਾਰ ’ਤੇ ਹੀ ਸਾਰੇ ਖਪਤਕਾਰਾਂ ਨੂੰ ਬਿਜਲੀ ਮਿਲੇਗੀ।
ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਬਿਜਲੀ ਬੋਰਡ ਘਾਟੇ ’ਚ ਚੱਲ ਰਿਹਾ ਹੈ। ਬੋਰਡ ਕੋਲ ਅੱਜ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ ਹੈ। ਪਿਛਲੀ ਸਰਕਾਰ ਵੱਲੋਂ ਬਿਜਲੀ ’ਤੇ ਦਿੱਤੀ ਗਈ ਸਬਸਿਡੀ ਦੀਆਂ ਦੇਣਦਾਰੀਆਂ ਵੀ ਇਸ ਸਰਕਾਰ ਨੂੰ ਚੁਕਾਉਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੋਰਡ ਦੇ ਘਾਟੇ ਨੂੰ ਵੇਖਦੇ ਹੋਏ ਸਰਕਾਰ ਨੇ ਸੂਬੇ ਦੇ ਸਾਧਨ ਸੰਪੰਨ ਲੋਕਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ।
ਮੰਤਰੀ ਹਰਸ਼ਵਰਧਨ ਨੇ ਦੱਸਿਆ ਕਿ ਸੀ. ਐੱਮ., ਸਾਬਕਾ ਸੀ. ਐੱਮ., ਮੰਤਰੀ, ਸਾਬਕਾ ਮੰਤਰੀ, ਵਿਧਾਇਕ, ਸਾਬਕਾ ਵਿਧਾਇਕ, ਵਿਧਾਨ ਸਭਾ ਸਪੀਕਰ, ਸਾਬਕਾ ਵਿਧਾਨ ਸਭਾ ਸਪੀਕਰ, ਵਿਧਾਨ ਸਭਾ ਦੇ ਡਿਪਟੀ ਸਪੀਕਰ, ਐੱਮ. ਪੀ., ਸਾਬਕਾ ਐੱਮ. ਪੀ., ਬੋਰਡ/ਨਿਗਮ ਚੇਅਰਮੈਨ, ਉਪ-ਪ੍ਰਧਾਨ ਤੋਂ ਇਲਾਵਾ ਆਈ. ਏ. ਐੱਸ., ਈ. ਪੀ. ਐੱਸ., ਐੱਚ. ਏ. ਐੱਸ. ਅਧਿਕਾਰੀਆਂ, ਪਹਿਲਾਂ ਸ਼੍ਰੇਣੀ ਅਤੇ ਦੂਸਰੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ 125 ਯੂਨਿਟ ਬਿਜਲੀ ਮੁਫਤ ਨਹੀਂ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ‘ਏ’ ਅਤੇ ‘ਬੀ’ ਸ਼੍ਰੇਣੀ ਦੇ ਸਰਕਾਰੀ ਠੇਕੇਦਾਰਾਂ ਤੋਂ ਵੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਉਹ ਸਾਰੇ ਲੋਕ, ਜੋ ਇਨਕਮ ਟੈਕਸ ਦਾ ਭੁਗਤਾਨ ਕਰਦੇ ਹਨ, ਉਹ ਵੀ ਸਬਸਿਡੀ ਦੇ ਘੇਰੇ ਤੋਂ ਬਾਹਰ ਹੋਣਗੇ, ਭਾਵ ਇਨ੍ਹਾਂ ਸਾਰੇ ਲੋਕਾਂ ਨੂੰ ਹੁਣ 125 ਯੂਨਿਟ ਮੁਫਤ ਬਿਜਲੀ ਨਹੀਂ ਮਿਲੇਗੀ। ਇਕ ਪਰਵਾਰ ਦੇ ਇਕ ਹੀ ਬਿਜਲੀ ਮੀਟਰ ’ਤੇ ਸਬਸਿਡੀ ਦਿੱਤੀ ਜਾਵੇਗੀ।
ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਦਾ ਵਿਸ਼ੇਸ਼ ਉਪਰਾਲਾ, 46 ਰੇਲ ਗੱਡੀਆਂ 'ਚ ਜੋੜੇ 92 ਨਵੇਂ ਕੋਚ
NEXT STORY