ਨਾਗਪੁਰ (ਇੰਟ.)-ਨਿਤਿਨ ਗਡਕਰੀ ਨੇ ਨਾਗਪੁਰ ’ਚ ਦੇਸ਼ ਦੀ ਆਰਥਿਕ ਤਰੱਕੀ ਅਤੇ ਤਕਨੀਕ ਦੇ ਸਬੰਧ ਵਿਚ ਗੱਲ ਕਰਦੇ ਹੋਏ ਆਰਥਿਕ ਤੌਰ ’ਤੇ ਖੁਸ਼ਹਾਲ ਦੇਸ਼ਾਂ ’ਤੇ ਟਿੱਪਣੀ ਕੀਤੀ ਹੈ। ਗਡਕਰੀ ਨੇ ਕਿਹਾ, ‘‘ਵਿਸ਼ਵ ਵਿਚ ਅਸੀਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇਕੋ-ਇਕ ਹੱਲ ਹੈ ਅਤੇ ਉਹ ਹੈ ਸਾਇੰਸ ਅਤੇ ਟੈਕਨਾਲੋਜੀ।’’
ਉਨ੍ਹਾਂ ਕਿਹਾ, ‘‘ਅੱਜ ਜੋ ਦਾਦਾਗਿਰੀ ਕਰਦੇ ਹਨ ਉਹ ਇਸ ਲਈ ਕਰਦੇ ਹਨ ਕਿਉਂਕਿ ਉਹ ਆਰਥਿਕ ਤੌਰ ’ਤੇ ਖੁਸ਼ਹਾਲ ਹਨ, ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਤਕਨੀਕ ਹੈ। ਜੇਕਰ ਉਨ੍ਹਾਂ ਨਾਲੋਂ ਬਿਹਤਰ ਤਕਨਾਲੋਜੀ ਅਤੇ ਸਰੋਤ ਸਾਡੇ ਕੋਲ ਅਾਉਣਗੇ ਤਾਂ ਅਸੀਂ ਦਾਦਾਗਿਰੀ ਨਹੀਂ ਕਰਨੀ। ਸਾਡਾ ਸੱਭਿਅਾਚਾਰ ਕਹਿੰਦਾ ਹੈ ਕਿ ਦੁਨੀਆ ਦਾ ਭਲਾ ਕਰ।’’
ਉਨ੍ਹਾਂ ਕਿਹਾ, ‘‘ਜੇਕਰ ਅਸੀਂ ਵਿਸ਼ਵ ਗੁਰੂ ਬਣਨਾ ਹੈ ਤਾਂ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਉਸ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ ਅਤੇ ਵਿਕਾਸ ਦੀ ਦਰ ਹੋਰ ਤੇਜ਼ੀ ਨਾਲ ਵਧੇਗੀ। ਸਾਡੀ ਬਰਾਮਦ ਵਧੇਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਕੋਲ ਜਾਣਾ ਪਵੇਗਾ।’’ ਉਨ੍ਹਾਂ ਕਿਹਾ, ‘‘ਆਉਣ ਵਾਲੇ ਸਮੇਂ ’ਚ, ਵਿਸ਼ਵ ਦੇ ਨਜ਼ਰੀਏ ਤੋਂ, ਰਾਸ਼ਟਰ ਦੇ ਨਜ਼ਰੀਏ ਤੋਂ ਅਤੇ ਸਮਾਜ ਦੇ ਸ਼ੋਸ਼ਿਤ ਅਤੇ ਪੀੜਤ ਲੋਕਾਂ ਦੇ ਨਜ਼ਰੀਏ ਤੋਂ ਜੇਕਰ ਤਕਨੀਕ ਦਾ ਵਿਕਾਸ ਹੋਵੇਗਾ ਤਾਂ ਚੰਗਾ ਹੋਵੇਗਾ।’’
ਕੇਂਦਰੀ ਸੜਕ ਆਵਾਜਾਈ ਮੰਤਰੀ ਗਡਕਰੀ ਨੇ ਕਿਹਾ ਹੈ ਕਿ ਇਸ ਸਮੇਂ ਦੇਸ਼ ’ਚ ਜਿਹੜੇ ਵਿਸ਼ਿਆਂ ’ਤੇ ਚਰਚਾ ਹੋ ਰਹੀ ਹੈ, ਮੈਂ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਵਿਸ਼ਵ ਵਿਚ ਅਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਦੁਨੀਆ ਝੁਕਦੀ ਹੈ, ਬਸ ਝੁਕਾਉਣ ਵਾਲਾ ਚਾਹੀਦੈ। ਗਡਕਰੀ ਨੇ ਇਹ ਵੀ ਕਿਹਾ-ਸਭ ਤੋਂ ਵੱਡੀ ਦੇਸ਼ ਭਗਤੀ ਇਹ ਹੋ ਸਕਦੀ ਹੈ ਕਿ ਅਸੀਂ ਇੰਪੋਰਟ ਨੂੰ ਘਟਾਈਏ ਅਤੇ ਐਕਸਪੋਰਟ ਨੂੰ ਵਧਾਈਏ।
ਅਮਰੀਕਾ ਦਾ ਬਣਿਆ 6,500 ਕਿਲੋ ਭਾਰਾ ਉਪਗ੍ਰਹਿ ਲਾਂਚ ਕਰੇਗਾ ਇਸਰੋ
NEXT STORY