ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਕਾਨ੍ਹਪੁਰ ਦਿਹਾਤ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਪੁਲਸ ਮੁਲਾਜ਼ਮ ਇਕ ਸ਼ਖ਼ਸ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਨੌਜਵਾਨ ਦੀ ਗੋਦ ਵਿਚ ਇਕ ਬੱਚਾ ਜ਼ੋਰ-ਜ਼ੋਰ ਨਾਲ ਰੋ ਰਿਹਾ ਹੈ। ਵੀਡੀਓ ਵਿਚ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸਾਹਿਬ, ਨਾ ਮਾਰੋ, ਬੱਚੇ ਨੂੰ ਲੱਗ ਜਾਵੇਗੀ। ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਨ੍ਹਪੁਰ ਵਿਚ ਲੋਕ ਸਭਾ ਚੋਣਾਂ ਵਿਚਾਲੇ ਗੋਦ ਵਿਚ ਬੱਚਾ ਫੜੇ ਇਕ ਸ਼ਖ਼ਸ 'ਤੇ ਪੁਲਸ ਮੁਲਾਜ਼ਮਾਂ ਨੇ ਡਾਂਗਾਂ ਵਰ੍ਹਾ ਦਿੱਤੀਆਂ ਸਨ।
ਵਾਇਰਲ ਵੀਡੀਓ ਨਾਲ ਯੂਜ਼ਰ ਨੇ ਲਿਖਿਆ ਹੈ- ਕਾਨ੍ਹਪੁਰ, ਸਾਹਿਬ ਬੱਚੇ ਨੂੰ ਲੱਗ ਜਾਵੇਗੀ, ਬੱਚੇ ਨੂੰ ਲੱਗ ਜਾਵੇਗੀ ਸਾਹਿਬ। ਪੁਲਸ ਦੀ ਮਾਰ ਖਾਂਦਾ ਇਹ ਵਿਅਕਤੀ ਚੀਕਦਾ ਰਿਹਾ ਪਰ ਖਾਕੀ ਦੇ ਨਸ਼ੇ ਵਿਚ ਚੂਰ ਇਨ੍ਹਾਂ ਪੁਲਸ ਵਾਲਿਆਂ ਨੇ ਇਕ ਨਾ ਸੁਣੀ। ਜੇਕਰ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ। ਲੋਕ ਸਭਾ ਚੋਣਾਂ 2024।
ਫੇਸਬੁੱਕ । ਆਰਕਾਈਵ
ਖੋਜ ਤੋਂ ਪਤਾ ਲੱਗਦਾ ਹੈ ਕਿ...
ਪੜਤਾਲ ਦੀ ਸ਼ੁਰੂਆਤ ਵਿਚ ਅਸੀਂ ਵਾਇਰਲ ਵੀਡੀਓ ਦੇ ਬਾਰੇ ਵਿਚ ਜਾਣਨ ਲਈ ਵੱਖ-ਵੱਖ ਕੀ-ਵਰਡ ਨੂੰ ਸਰਚ ਕਰਨਾ ਸ਼ੁਰੂ ਕੀਤਾ। ਨਤੀਜੇ ਵਿਚ ਵਾਇਰਲ ਵੀਡੀਓ ਦੀ ਖ਼ਬਰ ਸਾਨੂੰ ਐੱਨ.ਡੀ.ਟੀ.ਵੀ. (ਆਰਕਾਈਵ) ਦੀ ਵੈੱਬਸਾਈਟ 'ਤੇ ਮਿਲੀ। ਇਸ ਖ਼ਬਰ ਵਿਚ ਵਾਇਰਲ ਵੀਡੀਓ ਦਾ ਸਕਰੀਨ ਸ਼ਾਰਟ ਦਾ ਇਸਤੇਮਾਲ ਕੀਤਾ ਗਿਆ ਹੈ। ਤਸਵੀਰ ਨਾਲ ਇਹ ਖ਼ਬਰ 10 ਦਸੰਬਰ 2021 ਨੂੰ ਅਪਲੋਡ ਕੀਤੀ ਗਈ ਹੈ।
ਪ੍ਰਕਾਸ਼ਿਤ ਖ਼ਬਰ ਮੁਤਾਬਕ ਇਹ ਘਟਨਾ ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਦਿਹਾਤ ਦੀ ਹੈ। ਅਕਬਰਪੁਰ ਦੇ ਸਰਕਾਰੀ ਹਸਪਤਾਲ ਵਿਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਵਾਉਣ ਆਈ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਸੀ। ਲਾਠੀਚਾਰਜ ਦੀ ਵਾਇਰਲ ਵੀਡੀਓ ਵਿਚ ਹੜਤਾਲ ਦੀ ਅਗਵਾਈ ਕਰ ਰਹੇ ਸ਼ਖ਼ਸ ਰਜਨੀਸ਼ ਸ਼ੁਕਲਾ ਦੇ ਭਰਾ ਪੁਨੀਤ ਸ਼ੁਕਲਾ ਦੀ ਵੀ ਕੁੱਟਮਾਰ ਕੀਤੀ ਗਈ। ਪੁਨੀਤ ਦੀ ਗੋਦ ਵਿਚ ਉਨ੍ਹਾਂ ਦੇ ਭਰਾ ਰਜਨੀਸ਼ ਦੀ ਤਿੰਨ ਸਾਲ ਦੀ ਧੀ ਵੀ ਸੀ। ਰਜਨੀਸ਼ ਨੂੰ ਪੁਲਸ ਜਦੋਂ ਲੈ ਕੇ ਜਾਣ ਲੱਗੀ ਤਾਂ ਉਸ ਦੌਰਾਨ ਪੁਲਸ ਨੇ ਪੁਨੀਤ ਸ਼ੁਕਲਾ 'ਤੇ ਵੀ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਜਾਂਚ ਵਿਚ ਅੱਗੇ ਸਾਨੂੰ ਕਾਨ੍ਹਪੁਰ ਜ਼ੋਨ ਦੇ ਏ.ਡੀ.ਜੀ. ਭਾਨੂ ਭਾਸਕਰ ਦਾ ਇਕ ਟਵੀਟ ਮਿਲਿਆ। ਜਿਸ ਵਿਚ ਉਨ੍ਹਾਂ ਉਦੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਵੀਡੀਓ ਵਿਚ ਡਾਂਗ ਚਲਾਉਂਦੇ ਹੋਏ ਦਿਸ ਰਹੇ ਪੁਲਸ ਇੰਸਪੈਕਟਰ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ।
ਪੁਲਸ ਮੁਤਾਬਕ, ਅਕਬਰਪੁਰ ਖੇਤਰ ਦੇ ਜ਼ਿਲ੍ਹਾ ਹਸਪਤਾਲ ਵਿਚ ਕੰਮ ਕਰਨ ਵਾਲੇ ਚੌਥੀ ਸ਼੍ਰੇਣੀ ਦੇ ਮੁਲਾਜ਼ਮ ਰਜਨੀਸ਼ ਸ਼ੁਕਲਾ ਨੇ 100-150 ਲੋਕਾਂ ਨਾਲ ਹਸਪਤਾਲ ਵਿਚ ਅਰਾਜਕਤਾ ਫੈਲਾਈ ਸੀ। ਇਨ੍ਹਾਂ ਲੋਕਾਂ ਨੇ ਹਸਪਤਾਲ ਦਾ ਓਪੀਡੀ ਬੰਦ ਕਰਕੇ ਮਰੀਜ਼ਾਂ ਤੇ ਹਸਪਤਾਲ ਵਾਲਿਆਂ ਨਾਲ ਬਦਸਲੂਕੀ ਕੀਤੀ ਸੀ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਤਾਕਤ ਦੀ ਵਰਤੋਂ ਕਰਦੇ ਹੋਏ ਹੁੱਲੜਬਾਜ਼ਾਂ ਖ਼ਿਲਾਫ਼ ਕਾਰਵਾਈ ਕੀਤੀ ਸੀ।
ਸਿੱਟਾ-ਤੱਥਾਂ ਦੀ ਜਾਂਚ ਤੋਂ ਬਾਅਦ ਅਸੀਂ ਪਾਇਆ ਕਿ ਪੁਲਸ ਲਾਠੀਚਾਰਜ ਦੇ ਇਸ ਵੀਡੀਓ ਦਾ ਲੋਕ ਸਭਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵੀਡੀਓ ਸਾਲ 2021 ਵਿਚ ਕਾਨ੍ਹਪੁਰ ਦਿਹਾਤ ਦੇ ਇਕ ਹਸਪਤਾਲ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਹੋਏ ਪੁਲਸ ਐਕਸ਼ਨ ਦੀ ਹੈ।
ਜਗ ਬਾਣੀ ਦੇ ਨਾਂ 'ਤੇ ਫੈਲਾਈ ਜਾ ਰਹੀ ਇਹ ਝੂਠੀ ਖਬਰ, ਇਸ 'ਚ ਨਹੀਂ ਕੋਈ ਸੱਚਾਈ! ਜਾਣੋਂ ਪੂਰਾ ਸੱਚ
NEXT STORY