ਲਖਨਊ— ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਅਮਰੀਕਾ ਦੇ ਮਿਆਮੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦੇਣ ਦੋਸ਼ 'ਚ ਜਾਲੌਨ ਜ਼ਿਲੇ ਤੋਂ 18 ਸਾਲਾ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ ਨੌਜਵਾਨ ਨੇ ਇਹ ਕਦਮ ਆਪਣਾ ਬਿਟਕੁਆਇਨ ਹੜਪੇ ਜਾਣ ਤੋਂ ਬਾਅਦ ਚੁੱਕਿਆ ਹੈ। ਪੁਲਸ ਡਾਇਰੈਕਟਰ ਜਨਰਲ ਓ.ਪੀ. ਸੋਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਦੇਸ਼ ਏ.ਟੀ.ਐੱਸ. ਨੂੰ ਐੱਨ.ਆਈ.ਏ. ਜਾਂਚ ਏਜੰਸੀ ਤੋਂ ਇਹ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਅਮਰੀਕ ਦੇ ਮਿਆਮੀ ਹਵਾਈ ਅੱਡੇ 'ਤੇ ਫੋਨ ਕਰਕੇ ਏ.ਕੇ. 47 ਤੇ ਗ੍ਰਨੇਡ ਨਾਲ ਹਮਲਾ ਕਰਨ ਦੀ ਧਮਕੀ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਫੋਨ ਇੰਟਰਨੈਟ ਰਾਹੀਂ ਕੀਤੇ ਜਾ ਰਹੇ ਸਨ। ਜਾਂਚ ਦੌਰਾਨ ਉਸ ਦਾ ਆਈ.ਪੀ. ਅਡਰੈਸ ਪਤਾ ਕੀਤਾ ਗਿਆ। ਅਡਰੈਸ ਜਾਲੌਨ ਜ਼ਿਲੇ ਦਾ ਸੀ। ਉਥੇ ਜਦੋਂ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ, ਉਸ ਦਾ ਕੰਪਿਊਟਰ ਤੇ ਮੋਬਾਇਲ ਚੈਕ ਕੀਤਾ ਗਿਆ ਤਾਂ ਧਮਕੀ ਦੇਣ ਵਾਲੀ ਗੱਲ ਸਹੀ ਨਿਕਲੀ। ਨੌਜਵਾਨ ਨੇ ਵੀ ਆਪਣੀ ਗਲਤੀ ਸਵੀਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਉਮਰ 18 ਸਾਲ ਦੇ ਕਰੀਬ ਹੈ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਆਪਣੇ ਪਿਤਾ ਤੋਂ ਪੈਸੇ ਲੈ ਕੇ 100 ਅਮਰੀਕੀ ਡਾਲਰ ਦੇ ਬਿਟਕੁਆਇਨ ਖਰੀਦੇ ਸਨ ਪਰ ਕਿਸੇ ਨੇ ਉਸ ਨੂੰ ਧੋਖਾ ਦੇ ਕੇ ਕਰੀਬ ਤਿੰਨ ਹਜ਼ਾਰ ਅਮਰੀਕੀ ਡਾਲਰ ਹੜਪ ਲਏ। ਉਨ੍ਹਾਂ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਨਾ ਦੇ ਕੇ ਸਿੱਧੇ ਗਲਤ ਨਾਂ ਤੋਂ ਐੱਫ.ਬੀ.ਆਈ. ਨੂੰ ਫੋਨ ਤੇ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਪਰ ਐੱਫ.ਬੀ.ਆਈ. ਤੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਉਸ ਨੇ ਮਿਆਮੀ ਏਅਰਪੋਰਟ 'ਤੇ ਫੋਨ ਕਰ ਧਮਕੀ ਦਿੱਤੀ।
ਐੱਫ.ਬੀ.ਆਈ. ਨੇ ਇਸ ਨੌਜਵਾਨ ਨਾਲ ਗੱਲ ਕੀਤੀ, ਉਸ ਦੇ ਬਾਵਜੂਦ ਇਹ ਨੌਜਵਾਨ 2 ਅਕਤੂਬਰ ਤੋਂ 31 ਅਕਤੂਬਰ ਤਕ ਵਾਰ-ਵਾਰ ਫੋਨ ਕਰ ਧਮਕੀ ਦਿੰਦਾ ਰਿਹਾ। ਡੀ.ਜੀ.ਪੀ. ਨੇ ਕਿਹਾ ਕਿ ਇਸ ਨੌਜਵਾਨ ਨੇ ਨਕਲੀ ਆਧਾਰ ਕਾਰਡ ਵੀ ਬਣਵਾਇਆ ਸੀ ਤੇ ਐੱਫ.ਬੀ.ਆਈ. ਨੂੰ ਵੀ ਆਪਣਾ ਨਕਲੀ ਨਾਂ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਦੇ ਖਿਲਾਫ ਜੋ ਧਾਰਾ ਲੱਗੀ ਉਸ ਦੇ ਤਹਿਤ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
5 ਲੋਕਾਂ ਦੀ ਹੱਤਿਆ ਦੇ ਵਿਰੋਧ ਪ੍ਰਦਰਸ਼ਨ 'ਚ ਲੋਕਾਂ ਨੇ ਕੀਤਾ ਆਸਾਮ ਬੰਦ
NEXT STORY