ਨਵੀਂ ਦਿੱਲੀ, (ਯੂ. ਐੱਨ. ਆਈ.)- ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸ਼ਨੀਵਾਰ ਰਾਤ ਮਚੀ ਭਾਜੜ ਦਾ ਕਾਰਨ ਇਕ ਮੁਸਾਫਰ ਦੀ ਲਾਪਰਵਾਹੀ ਸੀ ਜੋ ਫੁੱਟ ਓਵਰਬ੍ਰਿਜ ਦੇ ਪਲੇਟਫਾਰਮ ਨੰਬਰ 14 ਤੇ 15 ਵੱਲ ਜਾਣ ਵਾਲੀਆਂ ਪੌੜੀਆਂ ਤੋਂ ਫਿਸਲ ਗਿਆ ਸੀ। ਉਸ ਦੇ ਪਿੱਛੇ ਕਈ ਹੋਰ ਮੁਸਾਫਰ ਵੀ ਡਿੱਗਦੇ ਗਏ।
ਉੱਤਰੀ ਰੇਲਵੇ ਦੇ ਮੁੱਖ ਬੁਲਾਰੇ ਨੇ ਐਤਵਾਰ ਕਿਹਾ ਕਿ ਰੇਲਵੇ ਵੱਲੋਂ ਭਾਜੜ ਦੀ ਘਟਨਾ ਦੇ ਪੀੜਤਾਂ ਨੂੰ ਮੁਆਵਜ਼ਾ ਵੰਡਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਜਾ ਰਹੇ ਹਨ। ਗੰਭੀਰ ਜ਼ਖਮੀਆਂ ਨੂੰ ਢਾਈ-ਢਾਈ ਲੱਖ ਰੁਪਏ ਤੇ ਮਾਮੂਲੀ ਜ਼ਖਮੀਆਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਦੁਖਾਂਤ ਦੀ ਜਾਂਚ ਇਕ ਉੱਚ ਪੱਧਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।
ਭਾਜੜ ਸਮੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਭਿਆਨਕ ਘਟਨਾ ਤੋਂ ਬਾਅਦ ਮੁਸਾਫਰਾਂ ਦਾ ਸਾਮਾਨ ਸਟੇਸ਼ਨ ’ਤੇ ਇਧਰ-ਓਧਰ ਖਿੱਲਰਿਆ ਪਿਆ ਸੀ। ਲੋਕ ਮਦਦ ਲਈ ਚੀਕ ਰਹੇ ਸਨ।
ਦਿੱਲੀ ਪੁਲਸ ਨੇ ਐਤਵਾਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਅਧੀਨ ਸੀ. ਸੀ. ਟੀ. ਵੀ. ਫੁਟੇਜ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਹਫੜਾ-ਦਫੜੀ ਦਾ ਕਾਰਨ ਕੀ ਸੀ?
ਰੇਲਵੇ ਨੇ ਭਾਜੜ ਦੀ ਘਟਨਾ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ 2 ਮੈਂਬਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਮੁਤਾਬਕ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਕਮਰਸ਼ੀਅਲ ਮੈਨੇਜਰ ਨਰਸਿੰਘ ਦਿਓ ਤੇ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਸਕਿਓਰਿਟੀ ਕਮਿਸ਼ਨਰ ਪੰਕਜ ਗੰਗਵਾਰ ਕਮੇਟੀ ਦੇ ਮੈਂਬਰ ਹੋਣਗੇ। ਕਮੇਟੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਾਰੇ ਵੀਡੀਓ ਫੁਟੇਜ ਇਕੱਠੇ ਕਰਨ ਦੇ ਹੁਕਮ ਦਿੱਤੇ ਹਨ।
ਪਿਛਲੇ 12 ਸਾਲਾਂ ਤੋਂ ਰੇਲਵੇ ਸਟੇਸ਼ਨ ’ਤੇ ਦੁਕਾਨ ਚਲਾ ਰਹੇ ਰਵੀ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਟਰੇਨ ਦੇ ਆਉਣ ਲਈ ਪਲੇਟਫਾਰਮ ਦਾ ਐਲਾਨ ਹੋਇਆ, ਲੋਕਾਂ ਨੇ ਇਕ-ਦੂਜੇ ਤੋਂ ਅੱਗੇ ਵਧਣ ਲਈ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਜੋ ਡਿੱਗ ਪਏ, ਭੀੜ ਉਨ੍ਹਾਂ ਉਪਰੋਂ ਲੰਘਦੀ ਗਈ। ਕੁਮਾਰ ਨੇ ਕਿਹਾ ਕਿ ਮੈਂ ਪਹਿਲਾਂ ਕਦੇ ਵੀ ਸਟੇਸ਼ਨ ’ਤੇ ਇੰਨੀ ਭੀੜ ਨਹੀਂ ਵੇਖੀ।
ਅਧਿਕਾਰਤ ਸੂਤਰਾਂ ਅਨੁਸਾਰ ਪਲੇਟਫਾਰਮ ਦੀ ਤਬਦੀਲੀ ਬਾਰੇ ਇਕ ਸੰਭਾਵਿਤ ਗਲਤ ਐਲਾਨ ਕਾਰਨ ਭਾਜੜ ਮਚੀ। ਉੱਤਰੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਦੱਸਿਆ ਕਿ ਪਟਨਾ ਜਾਣ ਵਾਲੀ ਮਗਧ ਐਕਸਪ੍ਰੈੱਸ ਪਲੇਟਫਾਰਮ ਨੰਬਰ 14 ’ਤੇ ਖੜ੍ਹੀ ਸੀ। ਨਵੀਂ ਦਿੱਲੀ-ਜੰਮੂ ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਪਲੇਟਫਾਰਮ ਨੰਬਰ 15 ’ਤੇ ਖੜ੍ਹੀ ਸੀ। ਪ੍ਰਯਾਗਰਾਜ ਜਿੱਥੇ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ, ਨੂੰ ਜਾਣ ਵਾਲੀ ਟਰੇਨ ’ਚ ਚੜ੍ਹਨ ਲਈ ਮੁਸਾਫਰ ਦੋਹਾਂ ਪਲੇਟਫਾਰਮਾਂ ’ਤੇ ਖੜ੍ਹੇ ਸਨ।
ਭਾਜੜ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਮੁਸਾਫਰ ਫੁੱਟ ਓਵਰਬ੍ਰਿਜ ਤੋਂ ਪਲੇਟਫਾਰਮ ਨੰਬਰ 14 ਤੇ 15 ਵੱਲ ਪੌੜੀਆਂ ਰਾਹੀਂ ਉਤਰ ਰਹੇ ਸਨ। ਅਚਾਨਕ ਕੁਝ ਮੈਂਬਰ ਫਿਸਲ ਗਏ ਤੇ ਦੂਜੇ ਲੋਕਾਂ ’ਤੇ ਡਿੱਗ ਪਏ। ਪਲੇਟਫਾਰਮ ਨੰਬਰ 12, 14 ਤੇ 15 'ਤੇ ਬਹੁਤ ਭੀੜ ਸੀ। ਪ੍ਰਯਾਗਰਾਜ ਜਾਣ ਵਾਲੀ ਰੇਲਗੱਡੀ ’ਚ ਸਮਰੱਥਾ ਤੋਂ ਵੱਧ ਮੁਸਾਫਰਾਂ ਸਨ।
ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਐਕਸਪ੍ਰੈੱਸ ਪਹਿਲਾਂ ਹੀ ਇਕ ਪਲੇਟਫਾਰਮ ’ਤੇ ਖੜ੍ਹੀ ਸੀ। ਜਿਵੇਂ ਹੀ ਦੂਜੀ ਟਰੇਨ ਦੇ ਆਉਣ ਦਾ ਐਲਾਨ ਹੋਇਆ ਤਾਂ ਲੋਕਾਂ ਨੇ ਇਕ-ਦੂਜੇ ਤੋਂ ਅੱਗੇ ਵਧਣ ਲਈ ਧੱਕੇ ਦੇਣੇ ਸ਼ੁਰੂ ਕਰ ਦਿੱਤੇ। ਦੋਹਾਂ ਪਲੇਟਫਾਰਮਾਂ ਨੂੰ ਜੋੜਨ ਵਾਲਾ ਫੁੱਟਬ੍ਰਿਜ ਛੋਟਾ ਹੈ। ਭੀੜ ’ਚ ਸ਼ਾਮਲ ਕਈ ਲੋਕ ਡਿੱਗ ਪਏ ਅਤੇ ਕੁਚਲੇ ਗਏ।
ਪਹਾੜਗੰਜ ਦੇ ਰਹਿਣ ਵਾਲੇ ਵੇਦ ਪ੍ਰਕਾਸ਼ ਨੇ ਆਪਣੀ ਪਤਨੀ ਨਾਲ ਪ੍ਰਯਾਗਰਾਜ ਜਾਣ ਦੀ ਯੋਜਨਾ ਬਣਾਈ ਸੀ ਪਰ ਭਾਰੀ ਭੀੜ ਦੇਖ ਕੇ ਉਸ ਨੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਟਰੇਨ ਅੰਦਰ ਵੀ ਖੜ੍ਹੇ ਹੋਣ ਲਈ ਥਾਂ ਨਹੀਂ ਸੀ। ਮੈਂ ਸਟੇਸ਼ਨ ਤੋਂ ਬਾਹਰ ਨਿਕਲਿਆ ਤੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ।
ਮ੍ਰਿਤਕਾਂ ਦੀ ਪਛਾਣ ਆਸ਼ਾ ਦੇਵੀ (79), ਪਿੰਕੀ ਦੇਵੀ (41), ਸ਼ੀਲਾ ਦੇਵੀ (50), ਵਿਓਮ (25), ਪੂਨਮ ਦੇਵੀ (40), ਲਲਿਤਾ ਦੇਵੀ (35), ਸੁਰੂਚੀ (11), ਕ੍ਰਿਸ਼ਨਾ ਦੇਵੀ (40), ਵਿਜੇ ਸਾਹ (15), ਨੀਰਜ (12), ਸ਼ਾਂਤੀ ਦੇਵੀ (40), ਪੂਜਾ ਕੁਮਾਰੀ (8), ਸੰਗੀਤਾ ਮਲਿਕ (34), ਪੂਨਮ (34), ਮਮਤਾ ਝਾਅ (40), ਰੀਆ ਸਿੰਘ (7), ਬੇਬੀ ਕੁਮਾਰੀ (24) ਤੇ ਮਨੋਜ (47) ਵਜੋਂ ਹੋਈ ਹੈ।
ਮ੍ਰਿਤਕ ਪੂਨਮ ਦੇਵੀ ਦੇ ਪਰਿਵਾਰਕ ਮੈਂਬਰ ਐਤਵਾਰ ਉਸ ਦੀ ਲਾਸ਼ ਲੈਣ ਲਈ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਪਹੁੰਚੇ। ਪੂਨਮ ਸ਼ਨੀਵਾਰ ਰਾਤ ਬਿਹਾਰ ਸਥਿਤ ਆਪਣੇ ਘਰ ਜਾਣ ਵਾਲੀ ਸੀ।
ਪੂਨਮ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਸਟੇਸ਼ਨ ’ਤੇ ਬਹੁਤ ਭੀੜ ਸੀ। ਪੂਨਮ ਜਿਸ ਟਰੇਨ ’ਤੇ ਚੜ੍ਹਨ ਵਾਲੀ ਸੀ, ਉਹ ਪਲੇਟਫਾਰਮ ਨੰਬਰ 12 ’ਤੇ ਆ ਰਹੀ ਸੀ ਪਰ ਐਲਾਨ ਹੋਣ ਤੋਂ ਬਾਅਦ ਲੋਕ ਭੱਜਣ ਲੱਗੇ ਤੇ ਪੂਨਮ ਕੁਚਲੀ ਗਈ।
ਗੱਡੀ ਚਲਾਉਂਦਿਆਂ ਕਦੇ ਨਾ ਕਰੋ ਇਹ 5 ਗਲਤੀਆਂ, ਨਹੀਂ ਤਾਂ ਲਾਇਸੈਂਸ ਹੋ ਸਕਦੈ ਸਸਪੈਂਡ
NEXT STORY