ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਵੀਰਵਾਰ ਨੂੰ ਰਾਜ ਸਭਾ 'ਚ ਕਾਰਵਾਈ ਦੌਰਾਨ ਕੁਝ ਕਾਗਜ਼ ਪਾੜ ਦਿੱਤੇ ਅਤੇ ਉਸ ਦੇ ਟੁੱਕੜੇ ਹਵਾ 'ਚ ਲਹਿਰਾ ਦਿੱਤੇ। ਇਹ ਘਟਨਾ ਉਸ ਸਮੇਂ ਹੋਈ ਜਦੋਂ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਪੇਗਾਸਸ ਸਾਫ਼ਟਵੇਅਰ ਰਾਹੀਂ ਭਾਰਤੀਆਂ ਦੀ ਜਾਸੂਸੀ ਕਰਨ ਸੰਬੰਧੀ ਖ਼ਬਰਾਂ ਅਤੇ ਇਸ ਮਾਮਲੇ 'ਚ ਵਿਰੋਧੀ ਧਿਰ ਦੇ ਦੋਸ਼ਾਂ 'ਤੇ ਸਦਨ 'ਚ ਬਿਆਨ ਦੇ ਰਹੇ ਸਨ। 2 ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ 2 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਡਿਪਟੀ ਸਪੀਕਰ ਹਰਿਵੰਸ਼ ਨੇ ਬਿਆਨ ਦੇਣ ਲਈ ਵੈਸ਼ਨਵ ਦਾ ਨਾਮ ਪੁਕਾਰਿਆ।
ਇਸ ਸਮੇਂ, ਤ੍ਰਿਣਮੂਲ ਕਾਂਗਰਸ ਅਤੇ ਕੁਝ ਵਿਰੋਧੀ ਦਲ ਦੇ ਮੈਂਬਰ ਆਸਨ ਨੇੜੇ ਆ ਗਏ। ਉਨ੍ਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮੰਤਰੀ ਦੇ ਬਿਆਨ ਦੀ ਕਾਪੀ ਪਾੜ ਕੇ ਉਸ ਦੇ ਟੁੱਕੜੇ ਹਵਾ 'ਚ ਲਹਿਰਾ ਦਿੱਤੇ। ਕੇਂਦਰੀ ਮੰਤਰੀ ਵੈਸ਼ਨਵ ਹੰਗਾਮੇ ਅਤੇ ਰੌਲੇ ਕਾਰਨ ਆਪਣਾ ਬਿਆਨ ਪੂਰਾ ਨਹੀਂ ਪੜ੍ਹ ਸਕੇ। ਲਿਹਾਜਾ ਉਨ੍ਹਾਂ ਨੇ ਇਸ ਨੂੰ ਸਦਨ ਦੀ ਮੇਜ਼ 'ਤੇ ਰੱਖ ਦਿੱਤਾ। ਡਿਪਟੀ ਸਪੀਕਰ ਹਰਿਵੰਸ਼ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਅਸੰਸਦੀ ਰਵੱਈਆ ਨਾ ਕਰਨ ਦੀ ਅਪੀਲ ਕੀਤੀ ਪਰ ਜਦੋਂ ਉਨ੍ਹਾਂ ਦੀ ਇਕ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਵਿਰੋਧੀ ਦਲਾਂ ਨੇ ਵੱਖ-ਵੱਖ ਮੁੱਦਿਆਂ 'ਤੇ ਸਦਨ 'ਚ ਹੰਗਾਮਾ ਕੀਤਾ ਸੀ। ਇਸ ਕਾਰਨ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਹੰਗਾਮਾ ਕਰ ਰਹੇ ਵਿਰੋਧੀ ਮੈਂਬਰਾਂ ਨੇ ਪੇਗਾਸਸ ਜਾਸੂਸੀ ਵਿਵਾਦ ਸਮੇਤ ਕੁਝ ਹੋਰ ਮੁੱਦਿਆਂ 'ਤੇ ਸਦਨ 'ਚ ਨਾਅਰੇਬਾਜ਼ੀ ਕੀਤੀ।
ਦਿੱਲੀ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਸੁਰੱਖਿਆ ਅਲਰਟ
NEXT STORY