ਵਾਸ਼ਿੰਗਟਨ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਪ੍ਰਤੀ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਭਾਰੀ ਇੰਪੋਰਟ ਡਿਊਟੀ ਅਦਾ ਕਰਨੀ ਪਵੇਗੀ। ਟਰੰਪ ਨੇ ਇਹ ਬਿਆਨ ਆਪਣੇ ਜਹਾਜ਼ ‘ਏਅਰ ਫੋਰਸ ਵਨ’ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਭਾਰੀ ਟੈਰਿਫ ਅਦਾ ਕਰਨਾ ਪਵੇਗਾ।’’
ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ ਅਸਿੱਧੇ ਤੌਰ ’ਤੇ ਯੂਕ੍ਰੇਨ ਜੰਗ ਨੂੰ ਫੰਡ ਦੇ ਰਹੇ ਹਨ, ਇਸੇ ਕਰ ਕੇ ਅਮਰੀਕਾ ਰੂਸ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ’ਤੇ ਲਗਾਤਾਰ ਦਬਾਅ ਪਾ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਅਮਰੀਕਾ ਨੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਰੂਸੀ ਤੇਲ ਦੀ ਦਰਾਮਦ ਘਟਾਉਣ ਜਾਂ ਬੰਦ ਕਰਨ ਦੀ ਅਪੀਲ ਕੀਤੀ ਹੈ।
ਟਰੰਪ ਪਹਿਲਾਂ ਦਾਅਵਾ ਕਰ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਭਾਰਤ ਦੀ ਊਰਜਾ ਨੀਤੀ ਦਾ ਮਕਸਦ ਆਪਣੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਕ ਜ਼ਿੰਮੇਵਾਰ ਊਰਜਾ ਇੰਪੋਰਟਰ ਹੈ। ਅਸੀਂ ਸੁਤੰਤਰ ਤੌਰ ’ਤੇ ਆਪਣੇ ਫੈਸਲੇ ਲੈਂਦੇ ਹਾਂ ਤਾਂ ਕਿ ਕੀਮਤਾਂ ਸਥਿਰ ਰਹਿਣ ਅਤੇ ਸਪਲਾਈ ਵੀ ਯਕੀਨੀ ਬਣੀ ਰਹੀ।
ਚੀਨ ਨੂੰ ਕਿਹਾ : ਸਮਝੌਤਾ ਕਰੋ ਜਾਂ 155 ਫੀਸਦੀ ਟੈਰਿਫ ਭਰੋ
ਟਰੰਪ ਨੇ ਚੀਨ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ 155 ਫੀਸਦੀ ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਚੀਨ ਨੂੰ 1 ਨਵੰਬਰ ਤੱਕ ਵਪਾਰ ਸਮਝੌਤਾ ਕਰਨ ਲਈ ਕਿਹਾ। ਟਰੰਪ ਨੇ ਇਹ ਬਿਆਨ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਦੌਰਾਨ ਦਿੱਤਾ। ਉਨ੍ਹਾਂ ਕਿਹਾ, ‘‘ਚੀਨ ਸਾਡੇ ਪ੍ਰਤੀ ਬਹੁਤ ਸਤਿਕਾਰਪੂਰਨ ਰਿਹਾ ਹੈ। ਉਹ ਸਾਨੂੰ ਟੈਰਿਫ ਦੇ ਰੂਪ ਵਿਚ 55 ਫੀਸਦੀ ਤੱਕ ਦੀ ਵੱਡੀ ਰਕਮ ਅਦਾ ਕਰ ਰਿਹਾ ਹੈ। ਇਹ ਇਕ ਮਹੱਤਵਪੂਰਨ ਰਕਮ ਹੈ। ਹਾਲਾਂਕਿ, ਜੇਕਰ 1 ਨਵੰਬਰ ਤਕ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਇਹ ਟੈਰਿਫ 155 ਫੀਸਦੀ ਤੱਕ ਵਧ ਸਕਦਾ ਹੈ।’’
ਟਰੰਪ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਦੱਖਣੀ ਕੋਰੀਆ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਮੁਲਾਕਾਤ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਾਬਿਤ ਹੋਵੇਗੀ। 10 ਅਕਤੂਬਰ ਨੂੰ ਅਮਰੀਕਾ ਨੇ ਚੀਨ ’ਤੇ 100 ਫੀਸਦੀ ਤੱਕ ਦਾ ਵਾਧੂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਚੀਨ ਨੇ ਕਈ ਦੁਰਲੱਭ ਖਣਿਜਾਂ ਸਬੰਧੀ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਦੇ ਤਹਿਤ ਚੀਨ ਤੋਂ ਦੁਰਲੱਭ ਖਣਿਜ ਖਰੀਦਣ ਅਤੇ ਵਿਦੇਸ਼ਾਂ ਵਿਚ ਵੇਚਣ ਦੀ ਇੱਛਾ ਰੱਖਣ ਵਾਲੀ ਕਿਸੇ ਵੀ ਕੰਪਨੀ ਨੂੰ ਪਹਿਲਾਂ ਸਰਕਾਰ ਤੋਂ ਲਾਇਸੈਂਸ ਲੈਣਾ ਪਵੇਗਾ।
ਰੂਹ ਕੰਬਾਊ ਹਾਦਸਾ: 3 ਮੋਟਰਸਾਈਕਲ ਨੂੰ ਮਾਰੀ ਜ਼ੋਰਦਾਰ ਟੱਕਰ, ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
NEXT STORY