ਸੁਲਤਾਨਪੁਰ (ਯੂ. ਪੀ.), (ਭਾਸ਼ਾ)- ਸੁਲਤਾਨਪੁਰ ’ਚ ਵੀਰਵਾਰ ਸਵੇਰੇ ਵਾਰਾਣਸੀ ਤੋਂ ਆ ਰਹੀ ਕੋਲੇ ਨਾਲ ਲੱਦੀ ਮਾਲ ਗੱਡੀ ਅਤੇ ਇੱਥੋਂ ਵਾਰਾਣਸੀ ਵੱਲ ਜਾ ਰਹੀ ਇਕ ਖਾਲੀ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਰੇਲਵੇ ਸੂਤਰਾਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਦੱਖਣ ਵਿਚ ਕੇਵਿਨ ਨੇੜੇ ਇਹ ਘਟਨਾ ਵਾਪਰੀ, ਜਿਸ ਵਿਚ ਮਾਲ ਗੱਡੀ ਦੇ 9 ਡੱਬੇ ਪਲਟ ਗਏ ਅਤੇ ਕਈ ਹੋਰ ਪਟੜੀ ਤੋਂ ਉਤਰ ਗਏ। ਦੋਵਾਂ ਮਾਲ ਗੱਡੀਆਂ ਦੇ ਚਾਲਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਰੇਲਵੇ ਸੂਤਰਾਂ ਮੁਤਾਬਕ ਇਸ ਹਾਦਸੇ ਕਾਰਨ ਲਖਨਊ-ਵਾਰਾਣਸੀ ਅਤੇ ਅਯੁੱਧਿਆ-ਪ੍ਰਯਾਗਰਾਜ ਰੇਲ ਮਾਰਗ ਪ੍ਰਭਾਵਿਤ ਹੋ ਗਏ। ਕੁਝ ਡੱਬਿਆਂ ਨੂੰ ਵੱਖ ਕਰ ਕੇ ਰੇਲਵੇ ਸਟੇਸ਼ਨ ’ਤੇ ਲਿਜਾਇਆ ਗਿਆ ਹੈ ਅਤੇ ਰੇਲਵੇ ਕ੍ਰਾਸਿੰਗ ਨੂੰ ਖਾਲੀ ਕਰਵਾਇਆ ਗਿਆ ਹੈ।
ਸੂਤਰਾਂ ਮੁਤਾਬਕ ਲਖਨਊ-ਵਾਰਾਨਸੀ ਅਤੇ ਅਯੁੱਧਿਆ-ਪ੍ਰਯਾਗਰਾਜ ਮਾਰਗਾਂ ’ਤੇ ਆਉਣ-ਜਾਣ ਵਾਲੀਆਂ ਸਾਰੀਆਂ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਇਹ ਘਟਨਾ ਕਿਸ ਤਰ੍ਹਾਂ ਵਾਪਰੀ, ਇਸ ਬਾਰੇ ਅਜੇ ਕੋਈ ਵੀ ਰੇਲਵੇ ਅਧਿਕਾਰੀ ਦੱਸਣ ਨੂੰ ਤਿਆਰ ਨਹੀਂ ਹੈ। ਰੇਲਵੇ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗੇਗਾ। ਰੇਲਵੇ ਟਰੈਕ ਵੀ ਕਾਫੀ ਨੁਕਸਾਨਿਆ ਗਿਆ ਹੈ। ਜੇ. ਸੀ. ਬੀ. ਰਾਹੀਂ ਪਲਟੇ ਡੱਬਿਆਂ ਨੂੰ ਹਟਾਉਣ ਦਾ ਕੰਮ ਜਾਰੀ ਹੈ।
ਸ਼੍ਰੀਨਗਰ 'ਚ ਜ਼ੋਰਾਂ ਨਾਲ ਚੱਲ ਰਹੀਆਂ ਜੀ-20 ਸੰਮੇਲਨ ਦੀਆਂ ਤਿਆਰੀਆਂ
NEXT STORY