ਪੰਚਕੁਲਾ- ਮਿਸ਼ਨ 'ਵੰਦੇ ਭਾਰਤ' ਤਹਿਤ ਬੀਤੇ ਦਿਨੀਂ ਅਮਰੀਕਾ ਤੋਂ ਲਿਆਂਦੇ ਗਏ ਹਰਿਆਣਾ ਦੇ 73 ਲੋਕਾਂ ਵਿਚੋਂ 21 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੀ. ਐੱਮ. ਓ. ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਰੇ 21 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਇਨ੍ਹਾਂ ਦੇ ਜ਼ਿਲ੍ਹਿਆਂ ਵਿਚ ਭੇਜਿਆ ਜਾਵੇਗਾ ਅਤੇ ਉੱਥੋਂ ਦੇ ਮੈਡੀਕਲ ਕਾਲਜ ਵਿਚ ਦਾਖਲ ਕੀਤਾ ਜਾਵੇਗਾ। ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ 21 ਕੋਰੋਨਾ ਮਰੀਜ਼ਾਂ ਵਿਚੋਂ 17 ਮਰੀਜ਼ਾਂ ਨੂੰ ਮੁਲਾਨਾ ਦੇ ਮੈਡੀਕਲ ਕਾਲਜ ਵਿਚ, 2 ਨੂੰ ਰੋਹਤਕ ਅਤੇ 2 ਨੂੰ ਅਗਰੋਹਾ (ਹਿਸਾਰ) ਭੇਜਿਆ ਜਾਵੇਗਾ। ਪਾਜ਼ੀਟਿਵ ਪਾਏ ਗਏ ਇਨ੍ਹਾਂ 21 ਕੋਰੋਨਾ ਮਰੀਜ਼ਾਂ ਦਾ ਇਲਾਜ ਇਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿਚ ਹੀ ਹੋਵੇਗਾ।
ਇਸ ਦੇ ਨਾਲ ਹੀ ਸੀ. ਐੱਮ. ਓ. ਨੇ ਦੱਸਿਆ ਕਿ ਦੋ ਹੋਰ ਮਰੀਜ਼ਾਂ ਦੀ ਰਿਪੋਰਟ ਅਜੇ ਸਪੱਸ਼ਟ ਹੋਣੀ ਬਾਕੀ ਹੈ, ਜਿਸ ਦੇ ਚੱਲਦਿਆਂ ਇਨ੍ਹਾਂ ਦੋਹਾਂ ਮਰੀਜ਼ਾਂ ਨੂੰ ਵੀ ਪੰਚਕੂਲਾ ਦੇ ਆਈਸੋਲੇਸ਼ਨ ਵਾਰਡ ਵਿਚ ਹੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਸੀ. ਐੱਮ. ਓ. ਨੇ ਦੱਸਿਆ ਕਿ 73 'ਚੋਂ ਜਿਨ੍ਹਾਂ 21 ਲੋਕਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਜ਼ਿਲ੍ਹਾ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਜੀਂਦ, ਯਮੁਨਾਨਗਰ, ਕੈਥਲ ਤੋਂ ਹਨ।
ਦੱਸ ਦਈਏ ਕਿ ਇਹ ਲੋਕ ਬੀਤੇ ਦਿਨੀਂ ਅਮਰੀਕਾ ਤੋਂ ਅੰਮ੍ਰਿਤਸਰ ਏਅਰਪੋਰਟ 'ਤੇ ਪਰਤੇ ਸਨ ਅਤੇ ਫਿਰ ਬੱਸ ਰਾਹੀਂ ਦੇਰ ਰਾਤ ਇਨ੍ਹਾਂ 73 ਲੋਕਾਂ ਨੂੰ ਪੰਚਕੂਲਾ ਵਿਚ ਲਿਆਂਦਾ ਗਿਆ ਸੀ। ਇਹ ਸਾਰੇ ਲੋਕ ਹਰਿਆਣਾ ਦੇ ਰਹਿਣ ਵਾਲੇ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ 73 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਭਾਵ ਇਹ ਸਾਰੇ 73 ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਸਨ। ਅੰਮ੍ਰਿਤਸਰ ਤੋਂ ਪੰਚਕੂਲਾ ਲਿਆਏ ਜਾਣ ਦੇ ਬਾਅਦ ਇਨ੍ਹਾਂ ਲੋਕਾਂ ਨੂੰ ਪੰਚਕੂਲਾ ਦੇ ਵੱਖ-ਵੱਖ ਧਰਮਸ਼ਾਲਾ ਤੇ ਹੋਟਲਾਂ ਵਿਚ ਕੁਆਰੰਟੀਨ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਦੇ ਸੈਂਪਲ ਕੋਰੋਨਾ ਟੈਸਟ ਲਈ ਭੇਜੇ ਗਏ ਸਨ। ਇਨ੍ਹਾਂ ਦੀ ਰਿਪੋਰਟ ਆਉਣ 'ਤੇ ਇਹ ਖੁਲ੍ਹਾਸਾ ਹੋਇਆ ਹੈ। ਅਜੇ ਕਈ ਹੋਰ ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਖਦਸ਼ਾ ਹੈ ਕਿ ਹੁਣ ਇਹ ਅੰਕੜਾ ਵਧ ਸਕਦਾ ਹੈ।
ਸੂਰਤ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY