ਜੰਮੂ, (ਸੰਜੀਵ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਮੋਦੀ ਸਰਕਾਰ ਨੇ ਸਰਹੱਦ ਪਾਰ ਜਾ ਕੇ ਅੱਤਵਾਦੀਆਂ ਦਾ ਸਫਾਇਆ ਕਰ ਕੇ ਦੁਨੀਆ ਨੂੰ ਆਪਣੀ ਤਾਕਤ ਵਿਖਾਈ ਹੈ। ਭਾਰਤ ਹੁਣ ਪਹਿਲਾਂ ਵਾਲਾ ਦੇਸ਼ ਨਹੀਂ ਰਿਹਾ। ਭਾਰਤ ਲਗਾਤਾਰ ਤਾਕਤਵਰ ਦੇਸ਼ ਬਣਦਾ ਜਾ ਰਿਹਾ ਹੈ ਅਤੇ ਹੁਣ ਦੁਨੀਆ ਭਾਰਤ ਦੀ ਗੱਲ ਧਿਆਨ ਨਾਲ ਸੁਣ ਰਹੀ ਹੈ। ਇਹ ਗੱਲ ਰਾਜਨਾਥ ਸਿੰਘ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਆਯੋਜਿਤ ਰੱਖਿਆ ਸੰਮੇਲਨ ’ਚ ਕਹੀ।
ਰੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਦੁਨੀਆ ’ਚ ਭਾਰਤ ਦਾ ਵੱਕਾਰ ਅਤੇ ਕੱਦ ਦੋਵੇਂ ਵਧੇ ਹਨ। ਪਹਿਲਾਂ ਭਾਰਤ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ ਪਰ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਤੱਕ ਭਾਰਤ ਦੀ ਗੱਲ ਨੂੰ ਗੰਭੀਰਤਾ ਨਾਲ ਸੁਣ ਰਹੇ ਹਨ। ਉਨ੍ਹਾਂ ਕਿਹਾ 2014 ਤੋਂ ਪਹਿਲਾਂ ਭਾਰਤ ਦੁਨੀਆ ਦੀ 11ਵੀਂ ਅਰਥਵਿਵਸਥਾ ਸੀ, ਜੋ ਕਿ ਹੁਣ 5ਵੀਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। 2027 ਤੱਕ ਭਾਰਤ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣੇਗਾ। ਇਹ ਗੱਲ ਅੰਤਰਰਾਸ਼ਟਰੀ ਪ੍ਰਸਿੱਧ ਅਰਥਸ਼ਾਸਤਰੀ ਕਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਰੂਸ-ਯੂਕੇਨ ਲੜਾਈ ਦੌਰਾਨ ਭਾਰਤ ਦੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਚਿੰਤਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ, ਅਮਰੀਕਾ ਦੇ ਰਾਸ਼ਟਰਪਤੀ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ। ਨਤੀਜਾ ਇਹ ਹੋਇਆ ਕਿ ਕੁਝ ਘੰਟਿਆਂ ਲਈ ਲੜਾਈ ਰੋਕ ਦਿੱਤੀ ਗਈ ਅਤੇ ਭਾਰਤ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ ਗਿਆ।
ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ’ਚ ਉੜੀ ਅਤੇ ਪੁਲਵਾਮਾ ’ਚ ਹੋਈਆਂ ਅੱਤਵਾਦੀ ਘਟਨਾਵਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਜੋ ਦੂਰਦ੍ਰਿਸ਼ਟੀ ਅਤੇ ਬਹਾਦਰੀ ਵਿਖਾਈ, ਉਸ ਦਾ ਨਤੀਜਾ ਹੀ ਸੀ ਕਿ ਸਾਡੇ ਜਵਾਨਾਂ ਨੇ ਸਰਹੱਦ ਪਾਰ ਕਰ ਕੇ ਅੱਤਵਾਦੀਆਂ ਦਾ ਸਫਾਇਆ ਕੀਤਾ। ਜੰਮੂ-ਕਸ਼ਮੀਰ ’ਚ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਨੂੰ ਹਟਾਉਣ ਦੇ ਮੁੱਦੇ ’ਤੇ ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਪੂਰਨ ਸ਼ਾਂਤੀ ਸਥਾਪਤ ਹੋਣ ’ਤੇ ਐਕਟ ਨੂੰ ਵਾਪਸ ਲੈ ਲਿਆ ਜਾਵੇਗਾ।
15 ਸਾਲਾ ਰੇਪ ਪੀੜਤਾ ਨੂੰ ਨਹੀਂ ਮਿਲੀ ਗਰਭਪਾਤ ਦੀ ਇਜਾਜ਼ਤ, ਡਾਕਟਰਾਂ ਨੇ ਕਿਹਾ-ਬੱਚੇ ਦੇ ਜ਼ਿੰਦਾ ਪੈਦਾ ਹੋਣ ਦੀ ਸੰਭਾਵਨਾ
NEXT STORY