ਸ਼੍ਰੀਨਗਰ- ਕਸ਼ਮੀਰ ਘਾਟੀ 'ਚ ਐਤਵਾਰ ਨੂੰ ਖੁਸ਼ਕ ਮੌਸਮ ਵਿਚਾਲੇ ਠੰਡ ਦਾ ਕਹਿਰ ਬਣਿਆ ਰਿਹਾ ਅਤੇ ਸ਼੍ਰੀਨਗਰ 'ਚ ਡਲ ਝੀਲ ਸਮੇਤ ਵੱਖ-ਵੱਖ ਥਾਵਾਂ 'ਤੇ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਕਸ਼ਮੀਰ ਡਵੀਜ਼ਨ ਦੇ ਮੈਦਾਨੀ ਇਲਾਕਿਆਂ 'ਚ ਸਵੇਰ ਤੋਂ ਧੁੰਦ ਪੈਣ ਦੀ ਸੰਭਾਵਨਾ ਹੈ। ਸ਼੍ਰੀਨਗਰ 'ਚ ਬੱਦਲ ਛਾਏ ਰਹਿਣ ਨਾਲ ਮੌਸਮ ਖੁਸ਼ਕ ਰਿਹਾ ਅਤੇ ਨਾਲ ਹੀ ਮਸ਼ਹੂਰ ਡਲ ਝੀਲ ਅਤੇ ਬੁਲੇਵਾਰਡ ਰੋਡ ਸਮੇਤ ਸ਼੍ਰੀਨਗਰ ਦੇ ਕਈ ਸਥਾਨਾਂ 'ਤੇ ਧੁੰਦ ਛਾਈ ਰਹੀ।
ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਕਾਜੀਗੁੰਡ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦੱਖਣੀ ਕਸ਼ਮੀਰ ਦਾ ਸੈਰ-ਸਪਾਟਾ ਸਥਾਨ ਪਹਿਲਗਾਮ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 2.0, ਕੁਪਵਾੜਾ ਵਿਚ 1.2, ਕੋਕਰਨਾਗ ਵਿਚ 1.8 ਅਤੇ ਉੱਤਰੀ ਕਸ਼ਮੀਰ ਦੇ ਗੁਲਮਰਗ ਦੇ ਸਕੀ ਰਿਜ਼ੋਰਟ ਵਿਚ 1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਹੋਇਆ ਘੱਟ ਪਰ ਚੌਕਸ ਰਹਿਣ ਦੀ ਲੋੜ : ਗੋਪਾਲ ਰਾਏ
NEXT STORY