ਨਵੀਂ ਦਿੱਲੀ, (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੇ ਬਾਗੀ ਨੇਤਾ ਤੇ ਬੈਰਕਪੁਰ ਤੋਂ ਸੰਸਦ ਮੈਂਬਰ ਅਰਜੁਨ ਸਿੰਘ ਸ਼ੁੱਕਰਵਾਰ ਭਾਰਤੀ ਜਨਤਾ ਪਾਰਟੀ ’ਚ ਵਾਪਸ ਆ ਗਏ।
ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਨੂੰ ਬੈਰਕਪੁਰ ਤੋਂ ਇਸ ਵਾਰ ਟਿਕਟ ਨਹੀਂ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਬਾਗੀ ਰਵੱਈਆ ਅਪਣਾਇਆ ਹੋਇਆ ਸੀ। ਉਨ੍ਹਾਂ ਦੇ ਨਾਲ ਹੀ ਪੱਛਮੀ ਬੰਗਾਲ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਦੇ ਭਰਾ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦਿਵਯੇਂਦੂ ਅਧਿਕਾਰੀ ਵੀ ਭਾਜਪਾ ’ਚ ਸ਼ਾਮਲ ਹੋ ਗਏ। ਦਿਵਯੇਂਦੂ ਲੰਬੇ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦੀ ਲੀਡਰਸ਼ਿਪ ਤੋਂ ਨਾਰਾਜ਼ ਸਨ। ਉਹ ਤਾਮਲੂਕ ਤੋਂ ਸੰਸਦ ਮੈਂਬਰ ਹਨ। ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਗੌਤਮ ਤੇ ਬੰਗਾਲ ਦੇ ਸਹਿ-ਇੰਚਾਰਜ ਅਮਿਤ ਮਾਲਵੀਆ ਦੀ ਮੌਜੂਦਗੀ ’ਚ ਦੋਵਾਂ ਆਗੂਆਂ ਨੇ ਭਾਜਪਾ ਦੀ ਮੁੱਢਲੀ ਮੈਂਬਰੀ ਲਈ।
ਸੁਭੇਂਦੂ ਅਧਿਕਾਰੀ ਦਾ ਇੱਕ ਹੋਰ ਭਰਾ ਸੌਮੇਂਦੂ ਅਧਿਕਾਰੀ ਭਾਜਪਾ ’ਚ ਹੈ। ਪਾਰਟੀ ਨੇ ਹੁਣੇ ਜਿਹੇ ਹੀ ਉਨ੍ਹਾਂ ਨੂੰ ਪੂਰਬੀ ਮੇਦਿਨੀਪੁਰ ’ਚ ਕੋਂਟਈ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ।
ਮੱਧ ਪ੍ਰਦੇਸ਼ ’ਚ ਵੀ ਕਈ ਕਾਂਗਰਸੀ ਆਗੂ ਭਾਜਪਾ ’ਚ ਹੋਏ ਸ਼ਾਮਲ
ਮੱਧ ਪ੍ਰਦੇਸ਼ ’ਚ ਮਹੂ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਤਰ ਸਿੰਘ ਦਰਬਾਰ ਤੇ ਇੰਦੌਰ ਤੋਂ ਉਨ੍ਹਾਂ ਦੇ ਸੀਨੀਅਰ ਪਾਰਟੀ ਸਹਿਯੋਗੀ ਪੰਕਜ ਸੰਘਵੀ ਕਈ ਹੋਰ ਪਾਰਟੀ ਨੇਤਾਵਾਂ ਨਾਲ ਸ਼ੁੱਕਰਵਾਰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਮੋਹਨ ਯਾਦਵ ਦੀ ਮੌਜੂਦਗੀ ’ਚ ਅਧਿਕਾਰਤ ਤੌਰ ’ਤੇ ਆਪਣੀ ਸਿਆਸੀ ਵਫ਼ਾਦਾਰੀ ਬਦਲੀ। ਸੰਘਵੀ 2019 ਦੀਆਂ ਆਮ ਚੋਣਾਂ ’ਚ ਇੰਦੌਰ ਤੋਂ ਕਾਂਗਰਸ ਦੇ ਉਮੀਦਵਾਰ ਸਨ।
ਰਿਜਾਰਟ ਦੀ ਨਿਰਮਾਣ ਅਧੀਨ ਛੱਤ ਢਹਿਣ ਨਾਲ 2 ਮਜ਼ਦੂਰਾਂ ਦੀ ਮੌਤ, 9 ਜ਼ਖ਼ਮੀ
NEXT STORY