ਨੈਸ਼ਨਲ ਡੈਸਕ- ਕੀ ਤੁਸੀਂ ਅਰੁਣ ਕੁਮਾਰ ਬਾਰੇ ਸੁਣਿਆ ਹੈ? ਪੂਰਬੀ ਦਿੱਲੀ ਦੀ ਝਿਲਮਿਲ ਕਾਲੋਨੀ ’ਚ ਪੈਦਾ ਹੋਏ ਅਰੁਣ ਕੁਮਾਰ 18 ਸਾਲ ਦੀ ਉਮਰ ’ਚ ਆਰ. ਐੱਸ. ਐੱਸ. ’ਚ ਸ਼ਾਮਲ ਹੋਏ ਸਨ। ਉਹ ਪ੍ਰਚਾਰਕ ਭਾਵ ਪੂਰੇ ਸਮੇ ਦੇ ਵਰਕਰ ਬਣ ਗਏ ਤੇ 2021 ’ਚ ਭਾਜਪਾ ’ਚ ਸ਼ਾਮਲ ਹੋਏ।
ਇਹ ਇਕ ਵੱਡੀ ਚੁਣੌਤੀ ਹੈ ਕਿਉਂਕਿ ਉਨ੍ਹਾਂ ਆਪਣੇ ਤੋਂ ਪਹਿਲਾਂ ਦੇ ਕ੍ਰਿਸ਼ਨ ਗੋਪਾਲ ਦੀ ਥਾਂ ਲਈ ਹੈ ਜਿਨ੍ਹਾਂ ਦੀ ਅਗਵਾਈ ਹੇਠ ਆਰ. ਐੱਸ. ਐੱਸ. ਨੇ ਆਪਣੇ ਸਿਆਸੀ ਵਿੰਗ ਤੋਂ ਕੰਟਰੋਲ ਗੁਆਉਣਾ ਸ਼ੁਰੂ ਕਰ ਦਿੱਤਾ ਸੀ।
ਭਾਜਪਾ ਵਧੇਰੇ ਤਿੱਖੀ ਹੋ ਗਈ ਸੀ ਤੇ ਮੁੱਖ ਮੁੱਦਿਆਂ ’ਤੇ ਸਲਾਹ-ਮਸ਼ਵਰਾ ਘੱਟ ਗਿਆ ਸੀ। ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ ਦੇ ਇਹ ਕਹਿਣ ਤੋਂ ਬਾਅਦ ਸਬੰਧ ਹੋਰ ਵੀ ਵਿਗੜ ਗਏ ਸਨ ਕਿ ਸੰਗਠਨ ‘ਸਮਰੱਥ’ ਹੈ ਤੇ ਉਸ ਨੂੰ ਸਿਆਸੀ ਹਮਾਇਤ ਲਈ ਆਪਣੀ ਮੂਲ ਸੰਸਥਾ ’ਤੇ ਨਿਰਭਰ ਕਰਨ ਦੀ ਲੋੜ ਨਹੀਂ ਹੈ।
ਆਰ. ਐੱਸ. ਐੱਸ. ਦੀ ਲੀਡਰਸ਼ਿਪ ਨੇ ਚਿਤਾਵਨੀ ਦਿੱਤੀ ਪਰ ਭਾਜਪਾ ਆਪਣੀ ਯਾਤਰਾ ’ਤੇ ਸੀ। ਉਸ ਨੇ ‘ਅਬ ਕੀ ਬਾਰ 400 ਕੇ ਪਾਰ’ ਦਾ ਟੀਚਾ ਰੱਖਿਆ ਪਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ’ਚ ਉਹ ਸਿਰਫ 240 ਸੀਟਾਂ ’ਤੇ ਹੀ ਸਿਮਟ ਗਈ। ਇਹ ਸਬਰ ਦੀ ਖੇਡ ਸੀ ਤੇ ਅਰੁਣ ਕੁਮਾਰ ਨੇ ਵਿਗੜ ਚੁੱਕੀ ਕੈਮਿਸਟਰੀ ਨੂੰ ਬਹਾਲ ਕਰਨ ’ਚ ਮੁੱਖ ਭੂਮਿਕਾ ਨਿਭਾਈ।
ਅਾਰ. ਐੱਸ. ਐੱਸ. ਫਿਰ ਸਰਗਰਮ ਹੋ ਗਈ ਤੇ ਭਾਜਪਾ ਨੇ ਹਰਿਆਣਾ, ਮਹਾਰਾਸ਼ਟਰ ਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ’ਚ ਇਤਿਹਾਸ ਰਚ ਦਿੱਤਾ। ਮੋਦੀ ਨੇ ਇਕ ਕਦਮ ਹੋਰ ਅੱਗੇ ਵਧ ਕੇ ਦਿੱਲੀ ’ਚ ਮਰਾਠੀ ਸਾਹਿਤ ਸੰਮੇਲਨ ’ਚ ਆਰ. ਐੱਸ. ਐੱਸ. ਦੀ ਸ਼ਲਾਘਾ ਕੀਤੀ।
ਬਾਅਦ ’ਚ ਲੈਕਸ ਫ੍ਰਿਡਮੈਨ ਪੋਡਕਾਸਟ ’ਤੇ ਬੋਲਦੇ ਹੋਏ ਪੀ. ਐੱਮ. ਨੇ ਕਿਹਾ ਕਿ ਉਹ ਆਰ. ਐੱਸ. ਐੱਸ. ਤੋਂ ਪ੍ਰਭਾਵਿਤ ਸਨ। ਇਸ ਕਰ ਕੇ ਉਨ੍ਹਾਂ ਨੂੰ ਇਕ ਮਕਸਦਪੂਰਨ ਜੀਵਨ ਮਿਲਿਆ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਨਾਗਪੁਰ ’ਚ ਆਰ. ਐੱਸ. ਐੱਸ. ਦੇ ਹੈੱਡਕੁਆਰਟਰ ਦਾ ਇਤਿਹਾਸਕ ਦੌਰਾ ਕੀਤਾ। ਉਨ੍ਹਾਂ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਦੀ ਵੀ ਸ਼ਲਾਘਾ ਕੀਤੀ।
‘ਸੰਘ ਪਰਿਵਾਰ’ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਰੁਣ ਕੁਮਾਰ ਜਦੋਂ ਦਿੱਲੀ, ਹਰਿਆਣਾ ਤੇ ਜੰਮੂ-ਕਸ਼ਮੀਰ ’ਚ ਪ੍ਰਚਾਰਕ ਵਜੋਂ ਕੰਮ ਕਰਦੇ ਸਨ ਤਾਂ ਉਨ੍ਹਾਂ ਮੋਦੀ ਨਾਲ ਨਿੱਜੀ ਸਬੰਧ ਬਣਾਏ ਸਨ। ਮੋਦੀ ਇਨ੍ਹਾਂ ਸੂਬਿਆਂ ਦੇ ਮਾਮਲਿਆਂ ਨੂੰ ਵੇਖ ਰਹੇ ਸਨ।
ਅਰੁਣ ਕੁਮਾਰ ਦੀ ਵਾਧੂ ਯੋਗਤਾ ਇਹ ਹੈ ਕਿ ਉਹ ਕਸ਼ਮੀਰ ਮਾਮਲਿਆਂ ਦੇ ਮਾਹਿਰ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਧਾਰਾ 370 ਨੂੰ ਹਟਾਉਣ ਸੰਬੰਧੀ ਸਰਕਾਰ ਦੀ ਜੰਮੂ-ਕਸ਼ਮੀਰ ਲਈ ਨੀਤੀ ਬਣਾਉਣ ’ਚ ਪ੍ਰਮੁਖ ਭੂਮਿਕਾ ਨਿਭਾਈ ਸੀ।
ਅਰੁਣ ਕੁਮਾਰ ਲਈ ਸਭ ਤੋਂ ਵੱਡੀ ਚੁਣੌਤੀ ਭਾਜਪਾ ਦੇ ਨਵੇਂ ਪ੍ਰਧਾਨ ਦੀ ਭਾਲ ਹੈ। ਇਕ ਸਾਲ ਤੋਂ ਪ੍ਰਧਾਨ ਦੀ ਚੋਣ ਨਹੀਂ ਹੋਈ ਹੈ। ਪ੍ਰਧਾਨ ਉਹ ਵਿਅਕਤੀ ਚਾਹੀਦਾ ਹੈ ਜਿਸ ਨੂੰ ਸੰਘ ਅਤੇ ਮੋਦੀ ਦੋਵਾਂ ਦਾ ਭਰੋਸਾ ਹਾਸਲ ਹੋਵੇ।
ਲਾਲਚ ਜਾਂ ਡਰ ਕਾਰਨ ਨਹੀਂ ਬਦਲਣਾ ਚਾਹੀਦੈ ਧਰਮ : ਭਾਗਵਤ
NEXT STORY