ਸ਼੍ਰੀਨਗਰ (ਭਾਸ਼ਾ)- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਨੀਮ ਫ਼ੌਜੀ ਫ਼ੋਰਸ ਨੂੰ ਕਸ਼ਮੀਰ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਮੁੱਖ ਭੂਮਿਕਾ ਨਿਭਾਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਘਾਟੀ 'ਚ ਸੁਰੱਖਿਆ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ ਪਰ ਫੋਰਸ ਅਪਰਾਧਿਕ ਤੱਤਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਸੀ.ਆਰ.ਪੀ.ਐੱਫ. ਦੇ ਇੰਸਪੈਕਟਰ ਜਨਰਲ (ਕਸ਼ਮੀਰ ਅਪਰੇਸ਼ਨਜ਼) ਐੱਮ.ਐਸ. ਭਾਟੀਆ ਨੇ ਕਿਹਾ,"ਸੀ.ਆਰ.ਪੀ.ਐੱਫ. ਕੋਲ ਅਜਿਹੇ (ਅੱਤਵਾਦ ਵਿਰੋਧੀ) ਦ੍ਰਿਸ਼ਾਂ 'ਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਹੁਨਰ, ਸਮਰੱਥਾ, ਸਿਖਲਾਈ ਅਤੇ ਤਕਨਾਲੋਜੀ ਹੈ, ਮੈਂ ਬੱਸ ਇੰਨਾ ਹੀ ਕਹਿ ਸਕਦਾ ਹਾਂ।'' ਉਨ੍ਹਾਂ ਨੇ ਇਹ ਗੱਲ ਪਿਛਲੇ ਮਹੀਨੇ ਇਕ ਰਾਸ਼ਟਰੀ ਅਖਬਾਰ 'ਚ ਇਕ ਖਬਰ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਹੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਕਸ਼ਮੀਰ 'ਚ ਸਰਗਰਮ ਤੌਰ 'ਤੇ ਚਰਨਬੱਧ ਤਰੀਕੇ ਨਾਲ ਫ਼ੌਜ ਹਟਾਉਣ 'ਤੇ ਵਿਚਾਰ ਕਰ ਰਹੀ ਹੈ।
ਭਾਟੀਆ ਨੇ ਕਿਹਾ,''ਇਹ ਇਕ ਨੀਤੀਗਤ ਮੁੱਦਾ ਹੈ, ਜਿਸ 'ਤੇ ਉੱਚ ਪੱਧਰ 'ਤੇ ਫ਼ੈਸਲਾ ਕੀਤਾ ਜਾਂਦਾ ਹੈ ਅਤੇ ਸਾਨੂੰ ਜੋ ਵੀ ਆਦੇਸ਼ ਦਿੱਤਾ ਜਾਵੇਗਾ, ਅਸੀਂ ਉਸ ਦੀ ਪਾਲਣਾ ਕਰਾਂਗੇ। ਹੁਣ ਵੀ ਅਸੀਂ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਨਾਲ ਮੁਹਿੰਮ 'ਚ ਸਰਗਰਮ ਰੂਪ ਨਾਲ ਸ਼ਾਮਲ ਹਾਂ।'' ਸੀ.ਆਰ.ਪੀ.ਐੱਫ. ਨੇ 2005 'ਚ ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ ਜਗ੍ਹਾ ਲੈ ਲਈ ਸੀ। ਭਾਟੀਆ ਨੇ ਕਿਹਾ ਕਿ ਧਾਰਾ 370 ਦੇ ਰੱਦ ਹੋਣ ਤੋਂ ਬਾਅਦ ਸਥਿਤੀ 'ਚ ਵੱਡੀ ਤਬਦੀਲੀ ਆਈ ਹੈ। ਉਨ੍ਹਾਂ ਕਿਹਾ,''ਜੇਕਰ ਅਸੀਂ (ਧਾਰਾ 370) ਰੱਦ ਕਰਨ ਤੋਂ ਪਹਿਲਾਂ ਦੀ ਸਥਿਤੀ ਅਤੇ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਪਿਛਲੇ 2-3 ਸਾਲਾਂ 'ਚ ਇਸ 'ਚ ਕਾਫ਼ੀ ਸੁਧਾਰ ਹੋਇਆ ਹੈ। ਇਹ ਜ਼ਿਕਰਯੋਗ ਹੈ।'' ਹਾਲਾਂਕਿ, ਸੀ.ਆਰ.ਪੀ.ਐੱਫ. ਆਈ.ਜੀ. ਨੇ ਅੱਗੇ ਕਿਹਾ,"ਅਸੀਂ ਇਹ ਦਾਅਵਾ ਨਹੀਂ ਕਰ ਰਹੇ ਹਾਂ ਕਿ ਅਸੀਂ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ ਪਰ (ਅੱਤਵਾਦੀ ਘਟਨਾਵਾਂ) ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਹੋਈਆਂ ਹਨ, ਉਸ ਦੀ ਤੁਲਨਾ 'ਚ (ਅੱਤਵਾਦੀਆਂ ਘਟਨਾਵਾਂ ਦੀ) ਗਿਣਤੀ ਘੱਟ ਹੋਈ ਹੈ, (ਅੱਤਵਾਦੀ ਸੰਗਠਨਾਂ) 'ਚ ਨੌਜਵਾਨਾਂ ਦਾ ਸ਼ਾਮਲ ਹੋਣਾ ਘੱਟ ਹੋ ਗਿਆ ਹੈ। ਹੋ ਸਕਦਾ ਹੈ ਕਿ ਕੁਝ ਭਟਕੇ ਹੋਏ ਨੌਜਵਾਨ ਅੱਤਵਾਦ 'ਚ ਸ਼ਾਮਲ ਹੁੰਦੇ ਹੋਣ ਪਰ ਉਨ੍ਹਾਂ ਨੂੰ ਵੀ ਬਹੁਤ ਤੇਜ਼ੀ ਨਾਲ ਖ਼ਤਮ ਕੀਤਾ ਜਾ ਰਿਹਾ ਹੈ।''
ਖਰੜ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ
NEXT STORY