ਝਾਰਖੰਡ— ਝਾਰਖੰਡ ਦੇ ਇਕ ਪਿੰਡ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪਿਆਰ ਕਰਨ ਦੀ ਸਜ਼ਾ ਭੁਗਤਣੀ ਪਈ। ਪਿੰਡ ਵਾਲਿਆਂ ਨੇ ਔਰਤ, ਉਸ ਦੇ ਪ੍ਰੇਮੀ ਅਤੇ ਬਚਾਉਣ ਆਈ ਚਾਚੀ ਨੂੰ ਪੋਲ ਨਾਲ ਬੰਨ੍ਹ ਕੇ ਨਾ ਸਿਰਫ ਜੁੱਤੀਆਂ ਅਤੇ ਲਾਠੀ-ਡੰਡਿਆਂ ਨਾਲ ਕੁੱਟਿਆ ਸਗੋਂ ਔਰਤ ਦਾ ਸਿਰ ਮੁੰਡਵਾ ਕੇ ਪਿੰਡ 'ਚ ਘੁੰਮਾਇਆ। ਇਹ ਘਟਨਾ ਝਾਰਖੰਡ ਦੇ ਹਜਾਰੀਬਾਗ ਜ਼ਿਲੇ ਦੇ ਬਰਹੀ ਥਾਣਾ ਖੇਤਰ ਦੀ ਹੈ। ਪਿੰਡ ਵਾਲਿਆਂ ਅਨੁਸਾਰ ਇਹ ਔਰਤ ਆਪਣੇ ਪਤੀ ਨਾਲ ਗੁਜਰਾਤ ਰਹਿੰਦੀ ਹੈ। ਉੱਥੇ ਉੱਤਰ ਪ੍ਰਦੇਸ਼ ਦੇ ਦੇਵਰੀਆ ਵਾਸੀ ਰਮੇਸ਼ ਦੁਬੇ ਨਾਲ ਔਰਤ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ।
ਔਰਤ ਦੇ ਸਨ ਨਾਜਾਇਜ਼ ਸੰਬੰਧ
ਔਰਤ ਇਕ ਮਈ ਨੂੰ ਪਿੰਡ 'ਚ ਆਈ ਤਾਂ 4 ਮਈ ਨੂੰ ਰਮੇਸ਼ ਵੀ ਪਿੰਡ ਪਹੁੰਚ ਗਿਆ। ਪਿੰਡ ਵਾਲਿਆਂ ਨੇ ਜਦੋਂ ਦੋਹਾਂ ਦੀਆਂ ਹਰਕਤਾਂ ਦੇਖੀਆਂ ਤਾਂ ਸਮਝ ਲਿਆ ਕਿ ਔਰਤ ਦੇ ਉਸ ਨਾਲ ਨਾਜਾਇਜ਼ ਸੰਬੰਧ ਹਨ। ਪਿੰਡ ਵਾਲਿਆਂ ਨੇ ਔਰਤ 'ਤੇ ਚਰਿੱਤਰਹੀਣਤਾ ਦਾ ਦੋਸ਼ ਲਗਾਉਂਦੇ ਹੋਏ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਫੜ ਲਿਆ। ਫਿਰ ਉਨ੍ਹਾਂ ਦੋਹਾਂ ਨੂੰ ਪੋਲ ਨਾਲ ਬੰਨ੍ਹ ਦਿੱਤਾ ਅਤੇ ਕੁੱਟਮਾਰ ਕੀਤੀ। ਦੋਹਾਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਪਿੰਡ ਵਾਲਿਆਂ ਨੇ ਔਰਤ ਦੀ ਚਾਚੀ ਦੀ ਵੀ ਕੁੱਟਮਾਰ ਕਰ ਦਿੱਤੀ। ਪਿੰਡ ਵਾਲੇ ਇੱਥੇ ਹੀ ਨਹੀਂ ਰੁਕੇ, ਸਗੋਂ ਔਰਤ ਦਾ ਸਿਰ ਮੁੰਡਵਾ ਦਿੱਤਾ ਅਤੇ ਪਿੰਡ 'ਚ ਘੁੰਮਾਇਆ। ਔਰਤ ਬਚਾਅ ਦੀ ਗੁਹਾਰ ਲਗਾਉਂਦੀ ਰਹੀ ਪਰ ਕਿਸੇ ਨੇ ਨਹੀਂ ਸੁਣੀ। ਪਿੰਡ ਵਾਲਿਆਂ ਨੇ ਫਿਰ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪੁਲਸ ਨੂੰ ਸੌਂਪ ਦਿੱਤਾ। ਪਿੰਡ ਵਾਲਿਆਂ ਨੇ ਔਰਤ 'ਤੇ ਦਬਾਅ ਪਾ ਕੇ ਪ੍ਰੇਮੀ ਵਿਰੁੱਧ ਕੇਸ ਦਰਜ ਕਰਵਾ ਦਿੱਤਾ। ਉਸ ਤੋਂ ਬਾਅਦ ਪੁਲਸ ਨੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ।
11 ਲੋਕਾਂ ਵਿਰੁੱਧ ਮਾਮਲਾ ਦਰਜ
ਦੂਜੇ ਪਾਸੇ ਪੁਲਸ ਨੇ ਔਰਤ ਨਾਲ ਕੁੱਟਮਾਰ ਕਰਨ ਅਤੇ ਤਸੀਹੇ ਦੇਣ ਦੇ ਦੋਸ਼ 'ਚ 11 ਲੋਕਾਂ ਵਿਰੁੱਧ ਬਰਹੀ ਥਾਣੇ 'ਚ ਧਾਰਾ 147, 448, 341, 323, 35 (ਖ), 499, 504 ਅਤੇ 506 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ 'ਚੋਂ ਪ੍ਰਕਾਸ਼ ਪ੍ਰਸਾਦ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਦਿੱਲੀ 'ਚ ਵੋਟ ਪਾਉਣ ਤੋਂ ਬਾਅਦ ਬੋਲੇ ਰਾਹੁਲ- ਸਾਡਾ ਪਿਆਰ ਜਿੱਤੇਗਾ
NEXT STORY