ਜਲੰਧਰ - ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਜੰਕ ਫੂਡ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ। ਬਰਗਰ, ਪਿੱਜ਼ਾ, ਫਰਾਈਜ਼ ਅਤੇ ਪ੍ਰੋਸੈਸਡ ਫੂਡ ਹੁਣ ਸਿਰਫ਼ ਸਵਾਦ ਤੱਕ ਸੀਮਤ ਨਹੀਂ ਰਹੇ, ਸਗੋਂ ਹੌਲੀ-ਹੌਲੀ ਆਦਤ ਦਾ ਰੂਪ ਲੈ ਚੁੱਕੇ ਹਨ। ਜੰਕ ਫੂਡ ਦੀ ਵਧਦੀ ਆਦਤ ਸਿਹਤ ਦੇ ਨਾਲ-ਨਾਲ ਮਾਨਸਿਕ ਸੰਤੁਲਨ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਮਾਹਿਰਾਂ ਦੀ ਸਲਾਹ ਹੈ ਕਿ ਜੰਕ ਫੂਡ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਚਾਨਕ ਸਭ ਕੁਝ ਛੱਡਣਾ ਜ਼ਰੂਰੀ ਨਹੀਂ ਹੈ। ਇਸ ਦੀ ਬਜਾਏ ਹੌਲੀ-ਹੌਲੀ ਬਦਲਾਅ ਕਰਨਾ ਜ਼ਿਆਦਾ ਅਸਰਦਾਰ ਮੰਨਿਆ ਜਾਂਦਾ ਹੈ। ਹਫ਼ਤੇ ’ਚ ਜੰਕ ਫੂਡ ਦੇ ਦਿਨ ਤੈਅ ਕਰੋ ਅਤੇ ਬਾਕੀ ਦਿਨਾਂ ’ਚ ਘਰ ਦਾ ਖਾਣਾ ਖਾਓ। ਫਲ, ਸਲਾਦ, ਮਖਾਣੇ, ਭੁੰਨੇ ਹੋਏ ਛੋਲੇ ਵਰਗੇ ਹੈਲਦੀ ਸਨੈਕਸ ਨੂੰ ਬਦਲ ਵਜੋਂ ਅਪਣਾਓ।
ਆਦਤ ਛੱਡਣ ਦੇ ਹੋਰ ਅਸਰਦਾਰ ਤਰੀਕੇ
ਲੋੜੀਂਦੀ ਨੀਂਦ ਅਤੇ ਭਰਪੂਰ ਪਾਣੀ ਪੀਣ ਨਾਲ ਵੀ ਜੰਕ ਫੂਡ ਦੀ ਕ੍ਰੇਵਿੰਗ (ਤੜਪ) ਘੱਟ ਹੁੰਦੀ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ 7–8 ਘੰਟੇ ਦੀ ਨੀਂਦ ਅਤੇ ਦਿਨ ਭਰ ’ਚ ਲੋੜੀਂਦਾ ਪਾਣੀ ਪੀਣ ਨਾਲ ਸਰੀਰ ਅਤੇ ਦਿਮਾਗ ਦੋਵੇਂ ਸੰਤੁਲਿਤ ਰਹਿੰਦੇ ਹਨ। ਯੋਗ, ਸੈਰ ਅਤੇ ਹਲਕੀ ਕਸਰਤ ਤਣਾਅ ਨੂੰ ਘੱਟ ਕਰਦੀ ਹੈ, ਜਿਸ ਨਾਲ ਗੈਰ-ਸਿਹਤਮੰਦ ਖਾਣ ਦੀ ਇੱਛਾ ਆਪਣੇ-ਆਪ ਘਟਣ ਲੱਗਦੀ ਹੈ। ਐਕਟਿਵ ਲਾਈਫ ਸਟਾਈਲ ਅਪਣਾ ਕੇ ਜੰਕ ਫੂਡ ਤੋਂ ਦੂਰੀ ਬਣਾਉਣਾ ਆਸਾਨ ਹੋ ਜਾਂਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੰਕ ਫੂਡ ਦੀ ਆਦਲ ਸਿਰਫ ਸਵਾਦ ਦੀ ਨਹੀਂ, ਸਗੋਂ ਮਾਨਸਿਕ ਆਦਤ ਦੀ ਸਮੱਸਿਆ ਹੈ। ਸਹੀ ਖਾਣ-ਪੀਣ ਅਤੇ ਜੀਵਨ ਸ਼ੈਲੀ ’ਚ ਸੁਧਾਰ ਕਰਕੇ ਇਸ ਤੋਂ ਸਮਾਂ ਰਹਿੰਦੇ ਛੁਟਕਾਰਾ ਪਾਇਆ ਜਾ ਸਕਦਾ ਹੈ।
ਵਧ ਰਹੀ ਹੈ ਜੰਕ ਫੂਡ ਦੀ ਆਦਤ
ਮਾਹਿਰਾਂ ਦਾ ਕਹਿਣਾ ਹੈ ਕਿ ਜੰਕ ਫੂਡ ਦੀ ਆਸਾਨ ਉਪਲੱਬਧਤਾ, ਆਨਲਾਈਨ ਫੂਡ ਡਲਿਵਰੀ ਐਪਸ, ਆਕਰਸ਼ਕ ਵਿਗਿਆਪਨ ਅਤੇ ਸਮੇਂ ਦੀ ਘਾਟ ਇਸ ਦੀ ਆਦਤ ਨੂੰ ਹੋਰ ਵਧਾ ਰਹੇ ਹਨ। ਲੋਕ ਘਰ ਦਾ ਖਾਣਾ ਛੱਡ ਕੇ ਬਾਹਰ ਦੇ ਖਾਣੇ ਨੂੰ ਜ਼ਿਆਦਾ ਤਰਜੀਹ ਦੇਣ ਲੱਗੇ ਹਨ।
ਦਿਮਾਗ ’ਤੇ ਵੀ ਪੈਂਦਾ ਹੈ ਅਸਰ
ਪੋਸ਼ਣ ਮਾਹਿਰਾਂ ਮੁਤਾਬਕ ਜੰਕ ਫੂਡ ਖਾਣ ਨਾਲ ਦਿਮਾਗ ’ਚ ਡੋਪਾਮਿਨ ਹਾਰਮੋਨ ਰਿਲੀਜ਼ ਹੁੰਦਾ ਹੈ, ਜਿਸ ਨਾਲ ਕੁਝ ਸਮੇਂ ਲਈ ਖੁਸ਼ੀ ਦਾ ਅਹਿਸਾਸ ਹੋਵੇਗਾ। ਇਹੀ ਵਜ੍ਹਾ ਹੈ ਕਿ ਵਾਰ-ਵਾਰ ਜੰਕ ਫੂਡ ਖਾਣ ਦੀ ਇੱਛਾ ਹੁੰਦੀ ਹੈ ਅਤੇ ਘਰ ਦਾ ਸਾਦਾ ਭੋਜਨ ਫਿੱਕਾ ਲੱਗਣ ਲੱਗਦਾ ਹੈ। ਇਹ ਆਦਤ ਹੌਲੀ-ਹੌਲੀ ਮਾਨਸਿਕ ਨਿਰਭਰਤਾ ’ਚ ਬਦਲ ਜਾਂਦੀ ਹੈ।
ਗੰਭੀਰ ਬੀਮਾਰੀਆਂ ਦਾ ਖ਼ਤਰਾ
ਜੰਕ ਫੂਡ ’ਚ ਜ਼ਿਆਦਾ ਮਾਤਰਾ ’ਚ ਨਮਕ, ਖੰਡ ਅਤੇ ਟ੍ਰਾਂਸ ਫੈਟ ਹੁੰਦਾ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦੇਹ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਪਾਚਨ ਸਬੰਧੀ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਬੱਚਿਆਂ ਅਤੇ ਨੌਜਵਾਨਾਂ ’ਚ ਇਕਾਗਰਤਾ ਦੀ ਕਮੀ ਅਤੇ ਥਕਾਵਟ ਵਰਗੀਆਂ ਦਿੱਕਤਾਂ ਵੀ ਸਾਹਮਣੇ ਆ ਰਹੀਆਂ ਹਨ।
ਵਿਗਿਆਨੀਆਂ ਦਾ ਦਾਅਵਾ: ਛੋਟੀ ਜਿਹੀ ਨਸ ਰੱਖਦੀ ਹੈ ਦਿਲ ਨੂੰ ਜਵਾਨ, ਬੀਮਾਰੀਆਂ ’ਤੇ ਲਾਏਗੀ ਲਗਾਮ
NEXT STORY