ਨਵੀਂ ਦਿੱਲੀ- ਦਰਮੁੱਕ ਸੰਸਦ ਮੈਂਬਰ ਕਨੀਮੋਈ ਨੇ ਇੱਥੇ 2ਜੀ ਸਪੈਕਟ੍ਰਮ ਘੋਟਾਲੇ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਤੋਂ ਸੀ.ਬੀ.ਆਈ. ਦੀ ਇਹ ਅਰਜ਼ੀ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਜਿਸ ’ਚ ਜਾਂਚ ਏਜੰਸੀ ਨੇ ਕੁਝ ਵਾਧੂ ਗਵਾਹ ਬੁਲਾਉਣ ਦੀ ਬੇਨਤੀ ਕੀਤੀ ਸੀ। ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਅਦਾਲਤ ’ਚ ਪ੍ਰਵਰਤਨ ਨਿਦੇਸ਼ਾਲਿਆ ਦੇ ਉਪ ਨਿਰਦੇਸ਼ਕ ਰਾਜੇਸ਼ਵਰ ਸਿੰਘ ਸਮੇਤ ਕੁਝ ਵਾਧੂ ਗਵਾਹ ਬੁਲਾਉਣ ਦੀ ਅਰਜ਼ੀ ਪੇਸ਼ ਕੀਤੀ ਹੈ।
ਵਿਸ਼ੇਸ਼ ਸੀ.ਬੀ.ਆਈ. ਜੱਜ ਓ.ਪੀ. ਸੈਨੀ ਦੇ ਸਾਹਮਣੇ ਦਾਇਰ ਜਵਾਬ ’ਚ ਕਨੀਮੋਈ ਵੱਲੋਂ ਕਿਹਾ ਗਿਆ ਹੈ ਕਿ ਏਜੰਸੀ ਨੇ ਵਾਧੂ ਗਵਾਹ ਬੁਲਾਉਣ ਦੀ ਅਪੀਲ ਬਹੁਤ ਹੀ ਦੇਰੀ ਨਾਲ ਕੀਤੀ ਹੈ, ਜਦੋਂਕਿ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਪਹਿਲੇ ਹੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਪੀਲ ਕਾਫੀ ਦੇਰ ਨਾਲ ਦਾਇਰ ਕੀਤੀ ਗਈ ਹੈ ਅਤੇ ਇਸ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕਨੀਮੋਈ ਅਤੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਅਤੇ ਕਈ ਚੋਟੀ ਦੇ ਕਾਰਜਕਾਰੀਆਂ ਦੇ ਖਿਲਾਫ 2ਜੀ ਘੋਟਾਲੇ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਵਿਚ ਮਾਮਲਾ ਚਲ ਰਿਹਾ ਹੈ। ਮਾਮਲੇ ’ਚ ਇਕ ਹੋਰ ਦੋਸ਼ੀ ਕਲੇਂਗਨਰ ਟੀ.ਵੀ. ਦੇ ਪ੍ਰਬੰਧ ਨਿਰਦੇਸ਼ਕ ਸ਼ਰਦ ਕੁਮਾਰ ਨੇ ਵੀ ਸੀ.ਬੀ.ਆਈ. ਦੀ ਅਪੀਲ ’ਤੇ ਆਪਣਾ ਜਵਾਬ ਦਾਇਰ ਕੀਤਾ ਹੈ ਅਤੇ ਇਸੇ ਆਧਾਰ ’ਤੇ ਇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਕੁਝ ਹੋਰ ਦੋਸ਼ੀਆਂ ਨੇ ਅਦਾਲਤ ਵਿਚ ਕਿਹਾ ਹੈ ਕਿ ਉਹ ਸੀ.ਬੀ.ਆਈ. ਦੀ ਅਪੀਲ ’ਤੇ ਲਿਖਤੀ ਜਵਾਬ ਨਹੀਂ ਦੇਣਗੇ, ਸਗੋਂ ਜ਼ੁਬਾਨੀ ਤੌਰ ’ਤੇ ਆਪਣੀ ਗੱਲ ਰੱਖਣਗੇ।
ਲਾਵਾ ਆਈਰਿਸ 349ਆਈ ਅਤੇ 404ਈ ਸਮਾਰਟਫੋਨ ਲਾਂਚ
NEXT STORY