ਚੰਡੀਗੜ੍ਹ (ਸ਼ਰਮਾ) : ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਮੀਦ ਜ਼ਾਹਿਰ ਕੀਤੀ ਹੈ ਕਿ ਕੇਂਦਰ ਦੀ ਨਵੀਂ ਸਰਕਾਰ ਵਲੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਇੱਛਾ ਨਾਲ ਨਾ ਸਿਰਫ਼ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲੇਗਾ, ਬਲਕਿ ਆਰਥਿਕ ਵਿਕਾਸ ਵਿਚ ਵੀ ਵਾਧਾ ਹੋਵੇਗਾ। ਭਾਰਤ ਦੇ 9 ਦਿਨੀਂ ਇੰਡੀਅਨ ਟ੍ਰੇਡ ਮਿਸ਼ਨ ਦੇ ਦੌਰੇ 'ਤੇ ਇਕ ਉੱਚ ਪੱਧਰੀ ਵਫ਼ਦ ਨਾਲ ਕ੍ਰਿਸਟੀ ਪਿਛਲੇ ਦੋ ਦਿਨ ਤੋਂ ਚੰਡੀਗੜ੍ਹ ਦੇ ਦੌਰੇ 'ਤੇ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਉਪ ਮੁੱਖ ਮਤਰੀ ਤੇ ਹੋਰਨਾਂ ਵਪਾਰਕ ਸੰਗਠਨਾਂ ਵਿਚਕਾਰ ਆਪਸੀ ਸਹਿਯੋਗ 'ਤੇ ਚਰਚਾ ਕੀਤੀ। ਐਤਵਾਰ ਨੂੰ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕ੍ਰਿਸਟੀ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਰਾਜਾਂ ਨੂੰ ਆਪਣੀਆਂ ਖੇਤਰੀ ਲੋੜਾਂ ਅਨੁਸਾਰ ਅੰਤਰਰਾਸ਼ਟਰੀ ਪੱਧਰ 'ਤੇ ਸਮਝੌਤਾ ਕਰਨ ਨਾਲ ਨਾ ਸਿਰਫ਼ ਇਨ੍ਹਾਂ ਦੇ ਵਿਕਾਸ ਵਿਚ ਤੇਜ਼ੀ ਆਵੇਗੀ, ਬਲਕਿ ਰਾਸ਼ਟਰੀ ਪੱਧਰ 'ਤੇ ਆਰਥਿਕ ਵਾਧਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਆਪਣੀ ਸੋਚ ਨੂੰ ਅਮਲ ਵਿਚ ਲਿਆਉਣ ਵਿਚ ਕਾਮਯਾਬ ਰਹੇ ਤਾਂ ਇਸ ਨਾਲ ਸਰਕਾਰੀ ਖੇਤਰਾਂ ਵਿਚ ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਵਿਚ ਵੀ ਮੱਦਦ ਮਿਲੇਗੀ।
ਕ੍ਰਿਸਟੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਭਾਰਤ ਨਾਲ ਕੁਦਰਤੀ ਗੈਸ ਤੇ ਕੁਦਰਤੀ ਸਰੋਤਾਂ ਦੇ ਦੋਹਨ, ਕਲੀਨ ਟੈਕਨਾਲੋਜੀ, ਲਾਈਵ ਸੈਂਸਿਜ, ਫ਼ਿਲਮ, ਡਿਜੀਟਲ ਆਰਟ ਐਂਡ ਫਾਈਨਾਂਸ, ਖੇਤਰਾਂ ਵਿਚ ਵੱਧ ਸਹਿਯੋਗ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਇਨ੍ਹਾਂ ਖੇਤਰਾਂ ਤੋਂ ਇਲਾਵਾ ਸਿੱਖਿਆ ਖੇਤਰ ਵਿਚ ਫੈਕਲਟੀ ਐਕਸਚੇਂਜ ਪ੍ਰੋਗਰਾਮ, ਨਾਲੇਜ ਐਕਸਚੇਂਜ, ਕਲਚਰਲ ਐਕਸਚੇਂਜ, ਫੂਡ ਪ੍ਰੋਸੈਸਿੰਗ ਤੇ ਸਕਿੱਲ ਡਿਵੈਲਪਮੈਂਟ ਖੇਤਰਾਂ ਵਿਚ ਆਪਸੀ ਸਹਿਯੋਗ 'ਤੇ ਹਾਂ ਪੱਖੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੇ ਸਕਿੱਲ ਡਿਵੈਲਪਮੈਂਟ ਦੇ ਮਾਧਿਅਮ ਦੇ 1 ਲੱਖ ਰੁਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਜਿਸ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਵੀ ਮੌਕਾ ਪ੍ਰਾਪਤ ਹੋਵੇਗਾ।
ਪਤਨੀ ਦੇ ਸਿਰ ਚੜ੍ਹ ਪਤੀ ਨੇ ਕੀਤੀ ਆਤਮਹੱਤਿਆ
NEXT STORY