ਫਰੀਦਕੋਟ : ਸਰਹਿੰਦ ਫੀਡਰ ਤੇ ਬਾਬਾ ਖੇਤਰਪਾਲ ਦੀ ਦਰਗਾਹ ਨੇੜੇ ਬੈਠੇ ਨੌਜਵਾਨਾਂ ਦੀ ਟੋਲੀ 'ਤੇ ਦਬਿਸ਼ ਦੇਣ ਪਹੁੰਚੀ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਦੇਖ ਕੇ ਇਕ ਨੌਜਵਾਨ ਇੰਨਾ ਡਰ ਗਿਆ ਕਿ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਜਿਸ ਦਾ ਅਜੇ ਤਕ ਵੀ ਕੋਈ ਥਹੁ ਪਤਾ ਨਹੀਂ ਲੱਗਾ। ਨੌਜਵਾਨ ਦੀ ਪਛਾਣ ਦਸ਼ਮੇਸ਼ ਨਗਰ ਵਾਸੀ ਸਤਵਿੰਰ ਸਿੰਘ (26) ਦੇ ਰੂਪ 'ਚ ਹੋਈ ਹੈ। ਇਸ ਮਾਮਲੇ 'ਚ ਸਤਵਿੰਦਰ ਦੇ ਪਰਿਵਾਰ ਵਾਲਿਆਂ ਨੇ ਦੋ ਪੁਲਸ ਮੁਲਾਜ਼ਮਾਂ 'ਤੇ ਜ਼ਬਰਨ ਨਹਿਰ 'ਚ ਧੱਕਾ ਦੇਣ ਦਾ ਦੋਸ਼ ਲਗਾਇਆ ਹੈ ਪਰ ਪੁਲਸ ਨੇ ਅਜੇ ਤਕ ਕੋਈ ਕੇਸ ਦਰਜ ਨਹੀਂ ਕੀਤਾ ਹੈ। ਸਾਬਕਾ ਸੈਨਿਕ ਮਰਹੂਮ ਗੁਰਮੇਲ ਸਿੰਘ ਦਾ ਬੇਟਾ ਸਤਵਿੰਦਰ ਸਿੰਘ ਹੈੱਪੀ ਆਪਣੇ ਕੁੱਝ ਦੋਸਤਾਂ ਨਾਲ ਸ਼ਨੀਵਾਰ ਸ਼ਾਮ ਬਾਬਾ ਖੇਤਰਪਾਲ ਦੀ ਦਰਗਾਹ ਨੇੜੇ ਬੈਠਾ ਹੋਇਆ ਸੀ।
ਸ਼ੱਕ ਦੇ ਆਧਾਰ 'ਤੇ ਐਂਟੀ ਨਾਰਕੋਟਿਕਸ ਸੈੱਲ ਦੀ ਇਕ ਟੀਮ ਨੇ ਇਥੇ ਦਬਿਸ਼ ਕੀਤੀ। ਟੀਮ 'ਚ ਸ਼ਾਮਲ ਦੋ ਹੌਲਦਾਰਾਂ ਨੇ ਨਸ਼ਾ ਹੋਣ ਦੇ ਸ਼ੱਕ 'ਚ ਨੌਜਵਾਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪੁਲਸ ਦੀ ਕਾਰਵਾਈ ਤੋਂ ਸਤਵਿੰਦਰ ਇੰਨਾ ਡਰ ਗਿਆ ਕਿ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਸਤਿੰਵਦਰ ਸਿੰਘ ਨੇ ਨਹਿਰ 'ਚੋਂ ਨਿਕਲਣ ਦੇ ਵੀ ਯਤਨ ਕੀਤੇ ਪਰ ਪਾਣੀ ਦੇ ਤੇਜ਼ ਵਹਾਅ 'ਚ ਉਹ ਡੁੱਬ ਗਿਆ।
ਸਤਵਿੰਦਰ ਦੇ ਨਹਿਰ 'ਚ ਡੁੱਬਣ ਦਾ ਪਤਾ ਜਦੋਂ ਪਰਿਵਾਰ ਨੂੰ ਲੱਗਿਆ ਤਾਂ ਪਰਿਵਾਰ ਨੇ ਇਸ ਮਾਮਲੇ 'ਚ ਸਤਵਿੰਦਰ ਨੂੰ ਜ਼ਬਰਨ ਨਹਿਰ 'ਚ ਧੱਕਾ ਦੇਣ ਦੇ ਦੋਸ਼ ਲਗਾਏ। ਸਤਵਿੰਦਰ ਦੇ ਭਰਾ ਵਰਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪੁਲਸ ਕਰਮਚਾਰੀਆਂ ਨੇ ਪਹਿਲਾਂ ਉਸ ਦੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ 'ਚ ਉਸ ਨੂੰ ਚੁੱਕ ਕੇ ਨਹਿਰ 'ਚ ਸੁੱਟ ਦਿੱਤਾ। ਇਸ ਸਬੰਧੀ ਜਦੋਂ ਪੁਲਸ ਦਾ ਪੱਖ ਜਾਣਿਆ ਤਾਂ ਪੁਲਸ ਨੇ ਕਿਹਾ ਕਿ ਸਤਵਿੰਦਰ 'ਤੇ ਪਹਿਲਾਂ ਵੀ ਚੋਰੀ, ਝਪਟਮਾਰੀ ਦੇ ਕੁੱਝ ਮਾਮਲੇ ਦਰਜ ਸਨ। ਹੁਣ ਪੁਲਸ ਨੂੰ ਉਸ 'ਤੇ ਨਸ਼ਾ ਤਸਕਰੀ ਕਰਨ ਦਾ ਸ਼ੱਕ ਸੀ। ਇਸ ਸ਼ੱਕ ਦੇ ਚੱਲਦੇ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੂੰ ਦੇਖਦੇ ਹੀ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਐਸ.ਐਸ.ਪੀ. ਸੁਖਦੇਵ ਸਿੰਘ ਕਾਹਲੋਂ ਨੇ ਕਿਹਾ ਕਿ ਅਜੇ ਤਕ ਨੌਜਵਾਨ ਨੂੰ ਧੱਕਾ ਦੇਣ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਵਾਈ ਜਾ ਰਹੀ ਹੈ। ਨੌਜਵਾਨ ਪੁੱਤ ਦੇ ਨਹਿਰ 'ਚ ਡੁੱਬਣ ਕਰਕੇ ਘਰ 'ਚ ਮਾਤਮ ਪਸਰ ਗਿਆ ਹੈ। ਸਤਵਿੰਦਰ ਦੀ ਪਤਨੀ ਅਮਨਦੀਪ ਕੌਰ, ਬੇਟੇ ਕਿਰਨਦੀਪ ਸਿੰਘ (3) ਅਤੇ ਮਾਂ ਚਰਨਜੀਤ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ।
Exclusive: ਆਸਟ੍ਰੇਲੀਆ 'ਚ ਵੀ ਪੰਜਾਬੀਆਂ ਦਾ ਟਸ਼ਨ ਜਾਰੀ (ਵੀਡੀਓ)
NEXT STORY