ਆਕਲੈਂਡ, (ਜੁਗਰਾਜ ਸਿੰਘ ਮਾਨ)- ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਦੇ ਖੇਡ ਦੇ ਮੈਦਾਨ 'ਚ ਪਹਿਲਾ ਖੇਡ ਟੂਰਨਾਮੈਂਟ ਕਰਵਾਇਆ ਗਿਆ। ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਦੀ ਦੇਖ-ਰੇਖ ਹੋਏ ਇਸ ਖੇਡ ਟੂਰਨਾਮੈਂਟ 'ਚ ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਹੋਏ। ਇਸ ਖੇਡ ਟੂਰਨਾਮੈਂਟ 'ਚ ਨਿਊਜ਼ੀਲੈਂਡ ਦੀਆਂ 6 ਨਾਮਵਰ ਕਬੱਡੀ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਟਾਈਗਰ ਸਪੋਰਟਸ ਕਲੱਬ, ਵਾਇਕਾਟੋ ਕਬੱਡੀ ਕਲੱਬ, ਦੇਸ਼ ਪੰਜਾਬ ਸਪੋਰਟਸ ਕਲੱਬ, ਦਸਮੇਸ਼ ਸਪੋਰਟਸ ਕਲੱਬ, ਕਲਗੀਧਰ ਸਪੋਰਟਸ ਕਲੱਬ ਅਤੇ ਹੇਸਟਿੰਗ ਕਬੱਡੀ ਕਲੱਬ ਦੀਆਂ ਕਬੱਡੀ ਟੀਮਾਂ ਸ਼ਾਮਲ ਸਨ।
ਖੇਡ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖੇ ਹਫ਼ਤਾਵਾਰੀ ਦੀਵਾਨ ਦੌਰਾਨ ਭਾਈ ਸਤਨਾਮ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਮਨੋਹਰ ਤੇ ਰਸਭਿੰਨਾ ਕੀਰਤਨ ਕੀਤਾ। ਅਰਦਾਸ ਤੋਂ ਬਾਅਦ ਖੇਡ ਟੂਰਨਾਮੈਂਟ ਗੁਰੂਘਰ ਦੇ ਖੇਡ ਮੈਦਾਨ ਵਿਚ ਸ਼ੁਰੂ ਹੋਇਆ। ਕਬੱਡੀ ਦੇ ਸੈਮੀਫਾਈਨਲ ਮੁਕਾਬਲੇ ਵਿਚ ਕਲਗ਼ੀਧਰ ਸਪੋਰਟਸ ਕਲੱਬ ਨੇ ਟਾਈਗਰ ਸਪੋਰਟਸ ਕਲੱਬ ਨੂੰ ਹਰਾਇਆ। ਫ਼ਾਈਨਲ ਦੇ ਫ਼ਸਵੇਂ ਮੁਕਾਬਲੇ ਵਿਚ ਕਲਗੀਧਰ ਸਪੋਰਟਸ ਕਲੱਬ ਵਲੋਂ 25/44 ਦੇ ਫ਼ਰਕ ਨਾਲ ਵਾਇਕਾਟੋ ਕਬੱਡੀ ਕਲੱਬ ਨੂੰ ਹਰਾਇਆ ਗਿਆ।
ਵਾਲੀਬਾਲ ਮੁਕਾਬਲਿਆਂ ਵਿਚ ਕਲਗ਼ੀਧਰ ਲਾਇਨਜ਼ ਦੀ ਟੀਮ ਪਹਿਲੇ ਸਥਾਨ 'ਤੇ ਜੇਤੂ ਰਹੀ ਅਤੇ ਵੂਲੀ ਪਰੂਫ਼ ਦੀ ਟੀਮ ਦੂਜੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਇਸ ਖੇਡ ਟੂਰਨਾਮੈਂਟ ਵਿਚ ਬੱਚਿਆਂ ਦੀਆਂ ਦੌੜਾਂ, ਕਬੱਡੀ ਅਤੇ ਮਿਊਜ਼ਿਕ ਚੇਅਰ ਦੀਆਂ ਦਿਲਚਸਪ ਖੇਡਾਂ ਦਾ ਵੀ ਪ੍ਰਬੰਧ ਸੀ। ਖੇਡ ਟੂਰਨਾਮੈਂਟ ਲਈ ਕਬੱਡੀ ਵਿਚ ਪਹਿਲਾ ਇਨਾਮ ਭੁਪਿੰਦਰ ਸਿੰਘ ਪਾਸਲਾ ਵਲੋਂ ਅਤੇ ਦੂਜਾ ਇਨਾਮ ਸੁਖਦੇਵ ਸਿੰਘ ਸਮਰਾ ਵਲੋਂ ਦਿੱਤਾ ਗਿਆ। ਜਰਨੈਲ ਸਿੰਘ ਰਾਹੋਂ ਨੇ ਕੁਮੈਂਟਰੀ ਕੀਤੀ। ਇਸ ਖੇਡ ਟੂਰਨਾਮੈਂਟ ਵਿਚ ਟੌਰੰਗਾ ਦੇ ਡਿਪਟੀ ਮੇਅਰ ਕੈਲਵਿਨ ਕਲਾਊਟ, ਟੌਰੰਗਾ ਸਿਟੀ ਦੇ ਕੌਂਸਲਰ ਸਟੀਵ ਮੋਰਿਸ਼, ਸਾਬਕਾ ਐੱਮ. ਪੀ. ਅਤੇ ਸਾਬਕਾ ਕੌਂਸਲਰ ਲੇਰੀ ਬਲਡੋਕ, ਪੀ. ਆਰ. ਐੱਮ. ਸੀ. ਦੇ ਪ੍ਰਧਾਨ ਈਵਾ ਫੇਨ ਪਾਸਟ, ਜੇਨਸ ਮੁਰੇ ਅਤੇ ਕਲਿੰਟਨ ਮਿਨ ਆਦਿ ਮੁੱਖ ਮਹਿਮਾਨਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਟਾਈਗਰ ਸਪੋਰਟਸ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਵਿਚ ਬੈਸਟ ਰੇਡਰ ਅੰਬੂ ਪੱਟਾ ਅਤੇ ਬੈਸਟ ਜਾਫ਼ੀ ਸਾਬੀ ਰਿਹਾ। ਟਾਈਗਰ ਸਪੋਰਟਸ ਕਲੱਬ ਦੇ ਬੈਸਟ ਰੇਡਰ ਜੋਗਾ ਸਿੰਘ ਅਤੇ ਬੈਸਟ ਜਾਫ਼ੀ ਜੀਤਾ ਨੂੰ ਮਨਜਿੰਦਰ ਸਿੰਘ ਸਹੋਤਾ ਵਲੋਂ 200-200 ਡਾਲਰ ਇਨਾਮ ਵਜੋਂ ਦਿੱਤੇ ਗਏ। ਇਸ ਮੈਚ ਨੂੰ ਨੇਪਰੇ ਚਾੜ੍ਹਨ ਲਈ ਸੁਪਰੀਮ ਸਿੱਖ ਸੁਸਾਇਟੀ, ਆਕਲੈਂਡ ਸਿੱਖ ਸੁਸਾਇਟੀ ਬੇਅ ਆਫ਼ ਪਲੈਂਟੀ, ਐਵਨਡੇਲ ਸਿੱਖ ਸੁਸਾਇਟੀ, ਗੁਰਦੁਆਰਾ ਪਾਲ ਮਰਸ਼ਟਨ ਨਾਰਥ, ਟੌਰੰਗਾ ਸਿੱਖ ਸੁਸਾਇਟੀ, ਹੇਸਟਿੰਗ ਸਿੱਖ ਸੁਸਾਇਟੀ, ਕਰਾਈਸਚਰਚ ਸਿੱਖ ਸੁਸਾਇਟੀ, ਸੁਖਪਾਲ ਸਿੰਘ ਵੇਲਿੰਗਟਨ, ਜਰਨੈਲ ਸਿੰਘ ਜੇ.ਪੀ., ਦਲਜੀਤ ਸਿੰਘ ਬੁਲਾਰਾ ਸੁਪਰੀਮ ਸਿੱਖ ਸੁਸਾਇਟੀ ਆਦਿ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਅੰਬੇਦਕਰ ਸਪੋਰਟਸ ਕਲੱਬ ਤੋਂ ਪਰਮਜੀਤ ਮਹਿਮੀ ਅਤੇ ਕੁਲਵਿੰਦਰ ਝੰਮਟ ਨੂੰ ਸਨਮਾਨਿਤ ਕੀਤਾ ਗਿਆ।
ਕੈਰੀਨੇ ਮੱਧਪੂਰਬੀ ਖੇਤਰ 'ਚ ਸ਼ਾਂਤੀ ਸਥਾਪਿਤ ਕਰਨ ਦਾ ਦਿੱਤਾ ਸੱਦਾ
NEXT STORY