ਜਲੰਧਰ (ਪਾਹਵਾ)-ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਹੁਣ ਆਖਰੀ ਸਮਾਂ ਆ ਗਿਆ ਹੈ ਅਜਿਹੇ ਵਿਚ ਭਾਜਪਾ ਨੇ ਸੂਬੇ ਵਿਚ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਇਸ ਵਿਚ ਖਾਸ ਗੱਲ ਇਹ ਹੈ ਕਿ ਨਰਿੰਦਰ ਮੋਦੀ ਦੇ 5 ਖਾਸ ਮੰਨੇ ਜਾਣ ਵਾਲੇ ਨੇਤਾਵਾਂ ਨੂੰ ਹਰਿਆਣਾ ਵਿਚ ਆਖਰੀ ਦੌਰ ਵਿਚ ਪ੍ਰਚਾਰ ਲਈ ਉਤਾਰਿਆ ਗਿਆ ਹੈ।
ਇਨ੍ਹਾਂ ਪੰਜਾਂ ਨੇਤਾਵਾਂ ਨੇ ਬੀਤੇ ਐਤਵਾਰ ਨੂੰ ਇਕ ਤੋਂ ਵੱਧ ਇਕ ਰੈਲੀਆਂ ਕੀਤੀਆਂ ਅਤੇ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਉਤਸ਼ਾਹਤ ਕੀਤਾ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਡਾ. ਹਰਸ਼ਵਰਧਨ, ਡਿਫੈਂਸ ਮੀਨੀਸਟਰ ਜਨਰਲ ਬੀ. ਕੇ. ਸਿੰਘ ਅਤੇ ਮੁਖਤਾਰ ਅੱਬਾਸ ਨਕਵੀ ਨੇ ਐਤਵਾਰ ਨੂੰ ਹਰਿਆਣਾ ਵਿਚ ਡੇਰਾ ਜਮਾਇਆ ਹੈ ਅਤੇ ਵੱਖ-ਵੱਖ ਥਾਵਾਂ ’ਤੇ ਰੈਲੀਆਂ ਕਰਕੇ ਵਿਰੋਧੀ ਪਾਰਟੀਆਂ ਖਿਲਾਫ ਖੂਬ ਪ੍ਰਚਾਰ ਕੀਤਾ। ਜਾਣਕਾਰੀ ਮੁਤਾਬਕ ਇਹ ਪੰਜ ਨੇਤਾ ਨਰਿੰਦਰ ਮੋਦੀ ਦੀ ਟੀਮ ਦੇ ਖਾਸ ਲੋਕਾਂ ਵਿਚ ਗਿਣੇ ਜਾਂਦੇ ਹਨ ਅਤੇ ਮੋਦੀ ਦੀਆਂ ਕਈ ਯੋਜਨਾਵਾਂ ਇਨ੍ਹਾਂ ਨੇਤਾਵਾਂ ਰਾਹੀਂ ਤਿਆਰ ਹੁੰਦੀਆਂ ਹਨ। ਇਨ੍ਹਾਂ ਨੇਤਾਵਾਂ ਨੇ ਰੈਲੀਆਂ ਦੌਰਾਨ ਜਿਥੇ ਕਾਂਗਰਸ ਖਿਲਾਫ ਜ਼ਹਿਰ ਉਗਲਿਆ ਉਥੇ ਹੀ ਇੰਡੀਅਨ ਨੈਸ਼ਨਲ ਲੋਕਦਲ ਅਤੇ ਕੁਝ ਹੋਰ ਪਾਰਟੀਆਂ ’ਤੇ ਵੀ ਖੂਬ ਬਰਸੇ। ਸੂਤਰਾਂ ਦੇ ਕਹਿਣਾ ਹੈ ਕਿ ਆਖਰੀ ਸਮੇਂ ਵਿਚ ਮੋਦੀ ਦੀ ਤਰੀਫ ਨਾਲ ਇਨ੍ਹਾਂ 5 ਰਤਨਾਂ ਨੂੰ ਮੈਦਾਨ ਵਿਚ ਉਤਾਰ ਕੇ ਹਰ ਪਾਸਿਓਂ ਵਿਰੋਧੀ ਪਾਰਟੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭ੍ਰਿਸ਼ਟਾਚਾਰ, ਵਿਕਾਸ ਵਰਗੇ ਮਾਮਲਿਆਂ ’ਤੇ ਇਨ੍ਹਾਂ ਨੇਤਾਵਾਂ ਨੇ ਵਿਰੋਧੀ ਪਾਰਟੀਆਂ ਨੂੰ ਖੂਬ ਘੇਰਿਆ।
ਜਾਣਕਾਰੀ ਮੁਤਾਬਕ ਹੁਣ ਜਦੋਂ ਇਸ ਹਫਤੇ ਵਿਚ ਹਰਿਆਣਾ ਚੋਣਾਂ ਦਾ ਪੈਕਅਪ ਹੋ ਜਾਣਾ ਹੈ, ਉਸ ਤੋਂ ਪਹਿਲਾਂ ਮੋਦੀ ਟੀਮ ਦਾ ਮੈਦਾਨ ਵਿਚ ਉਤਰਨਾ ਬਹੁਤ ਹੱਦ ਤਕ ਜ਼ਾਹਰ ਕਰਦਾ ਹੈ ਕਿ ਹਰਿਆਣਾ ਦੇ ਤਖਤੋ-ਤਾਜ਼ ’ਤੇ ਭਾਜਪਾ ਨੂੰ ਵਿਰਾਜਮਾਨ ਕਰਨ ਲਈ ਮੋਦੀ ਹਰ ਸੰਭਵ ਯਤਨ ਕਰਨਗੇ। ਇਸ ਤੋਂ ਪਹਿਲਾਂ ਤਕ ਹਰਿਆਣਾ ਦੀਆਂ ਚੋਣਾਂ ਵਿਚ ਇਸ ਵੱਡੇ ਪੱਧਰ ’ਤੇ ਨੇਤਾਵਾਂ ਨੂੰ ਮੰਚਾਂ ’ਤੇ ਘੱਟ ਹੀ ਦੇਖਿਆ ਗਿਆ ਹੈ। ਪਹਿਲੇ ਪੜਾਅ ਵਿਚ ਮੋਦੀ ਟੀਮ ਨੇ ਨਵਜੋਤ ਸਿੰਘ ਸਿੱਧੂ ਨੂੰ ਮੰਚ ਦੇ ਉਤਾਰਿਆ ਜਿਸ ਨੇ ਕਾਂਗਰਸ ਇੰਡੀਅਨ ਨੈਸ਼ਨਲ ਲੋਕਦਲ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਵੀ ਪ੍ਰਚਾਰ ਕੀਤਾ। ਸਿੱਧੂ ਤੋਂ ਬਾਅਦ ਦੂਜੇ ਅਤੇ ਆਖਰੀ ਪੜਾਅ ਵਿਚ ਮੋਦੀ ਟੀਮ ਦੇ 5 ਰਤਨਾਂ ਨੂੰ ਮੈਦਾਨ ਵਿਚ ਉਤਾਰ ਕੇ ਰਹਿੰਦੀਆਂ ਸਾਰੀਆਂ ਕਸਰਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸੜਕ ਹਾਦਸੇ 'ਚ 12 ਖਿਡਾਰੀ ਜ਼ਖਮੀ, 3 ਦੀ ਹਾਲਤ ਗੰਭੀਰ
NEXT STORY